ਬੈਂਕ ਮੈਨੇਜਰ ਦੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਧਰਮ ਸਿੰਘ ਤਾਲਾਪੁਰੀ ਜੀ, ਸਮਾਜ ਸੇਵਾ ਦੇ ਨਾਲ–ਨਾਲ ਸਾਹਿਤਕ ਕਲਾ ਦੇ ਰੰਗ ਵੀ ਬਿਖੇਰ ਰਹੇ ਹਨ। ਜਿੱਥੇ ਉਹਨਾਂ ਆਪਣੀ ਮੌਲਿਕ ਪੁਸਤਕ ‘ਫੁੱਲਾਂ ਵਰਗੇ ਬੱਚੇ’ ਅਤੇ ‘ਮੈਨੂੰ ਪੜਨ ਸਕੂਲੇ ਲਾ ਦੇ’ ਬਾਲ–ਜਗਤ ਦੀ ਝੋਲੀ ਪਾ ਕੇ ਖੂਬ ਨਾਮਨਾ ਖੱਟਿਆ ਹੈ, ਉੱਥੇ ਉਹ ਵੱਖ–ਵੱਖ ਸੰਸਥਾਵਾਂ ਦੀਆਂ ਡੇਢ ਦਰਜਨ ਦੇ ਕਰੀਬ ਸਾਂਝੀਆਂ ਪ੍ਰਕਾਸ਼ਨਾਵਾਂ, ‘ਹਰਫਾਂ ਦੀ ਚੋਗ’,‘ਲਹਿਰਾਂ ਸਤਲੁਜ ਦੀਆਂ’, ‘ਉਡਾਰੀਆਂ’, ‘ਰੁੱਖ ਪਾਣੀ ਅਨਮੋਲ’, ‘ਬੰਦਾ ਸਿੰਘ ਬਹਾਦਰ’, ‘ਕਲਮਾਂ ਦੀ ਪਰਵਾਜ਼’, ‘ਕਲਮਾਂ ਦਾ ਸਫਰ’, ‘ਵਲਵਲੇ’, ‘ਰੂਹਾਂ ਦੇ ਬੋਲ’, ‘ਰਹਿਨੁਮਾਂ ਸਮਾਜ ਦੇ’, ‘ਸਾਂਝ ਪਿਆਰਾਂ ਦੀ’, ‘ਪਰਿੰਦੇ ਸਤਲੁਜ ਦੇ’, ‘ਕਲਮਾਂ ਦਾ ਕਾਫ਼ਲਾ’ ਅਤੇ ‘ਰੰਗ–ਬਰੰਗੀਆਂ ਕਲਮਾਂ’ ਆਦਿ ਸਾਂਝੇ ਕਾਵਿ–ਸੰਗ੍ਰਹਿ ਦੇ ਨਾਲ–ਨਾਲ, ‘ਲਫਜਾਂ ਦੀ ਸਾਂਝ’, ‘ਲੋਅ ਚਿਰਾਗਾਂ ਦੀ’ ਤੇ ‘ਉੱਗਦਾ ਸੂਰਜ’ ਸਾਂਝੇ ਕਹਾਣੀ–ਸੰਗ੍ਰਹਿ ਅਤੇ ‘ਰੰਗ ਮਹਿਕਾਂ ਦੇ’ ਸਾਂਝੇ ਲੇਖ–ਸੰਗ੍ਰਹਿ ਵਿੱਚ ਵੀ ਭਰਵੀਂ ਹਾਜਰੀ ਲਗਵਾ ਚੁੱਕੇ ਹਨ। ਇੱਥੇ ਹੀ ਬਸ ਨਹੀ, ਜਦ ਉਹ ਬੰਬਈ, ਪੰਜਾਬ ਐਂਡ ਸਿੰਧ ਬੈਂਕ ਵਿੱਚ ਸਰਵਿਸ ਕਰਦੇ ਸਨ ਤਾਂ ਉੱਥੇ ਉਨਾਂ ਨੂੰ ਫਿਲਮ–ਜਗਤ ਦੇ ਮਸ਼ਹੁਰ ਐਕਟਰ ਸੁਨੀਲ ਦੱਤ ਜੀ ਨਾਲ ਇੱਕ ਡਾਕੂਮੈਂਟਰੀ ਫਿਲਮ, ‘ਹਮ ਏਕ ਹੈਂ, ਏਕ ਹੀ ਰਹੇਂਗੇ’ ਵਿੱਚ ਸੰਗਤ ਕਰਨ ਦਾ ਮੌਕਾ ਮਿਲਿਆ। ਇਸ ਤਰਾਂ ਤਾਲਾਪੁਰੀ ਜੀ ਆਪਣੀਆਂ ਅੱਡ–ਅੱਡ ਕਲਾਵਾਂ ਸਦਕਾ ਵਧੀਆ ਸ਼ਾਇਰ, ਵਧੀਆ ਗੀਤਕਾਰ, ਕਹਾਣੀਕਾਰ, ਨਿਬੰਧਕਾਰ ਅਤੇ ਅਦਾਕਾਰਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਸਫਲ ਹੋ ਚੁੱਕੇ ਹਨ।
ਇੱਕ ਬੈਂਕ ਅਧਿਕਾਰੀ ਵਜੋਂ ਆਪਣੀ ਮੈਨੇਜਰ ਦੀ ਕੁਰਸੀ ਤੋਂ ਉੱਠਕੇ ਹਰ ਗਰੀਬ, ਬੇਸਹਾਰਾ ਦੀ ਮੱਦਦ ਕਰਨ ਲਈ ਤਿਆਰ–ਬਰ–ਤਿਆਰ ਰਹਿਣ ਵਾਲੇ, ਹਮਦਰਦ, ਤਰਸਵਾਨ, ਦਿਆਲੂ ਅਤੇ ਕਿਰਪਾਲੂ ਆਦਿ ਇਨਸਾਨੀਅਤ ਦੇ ਅਮੀਰੀ–ਗੁਣਾਂ ਨਾਲ ਤਾਂ ਉਹ ਸ਼ੁਰੂ ਤੋਂ ਹੀ, ਬੇਰਾਂ ਲੱਦੀ ਬੇਰੀ ਵਾਂਗ ਆਪਣੀ ਛਾਪ ਛੱਡ ਚੁੱਕੇ ਸਨ। ਮੁਲਾਕਾਤ ਦੌਰਾਨ ਤਾਲਾਪੁਰੀ ਜੀ ਨੇ ਦੱਸਿਆ ਕਿ ਜਦੋਂ ਉਹ ਸਕੂਲਵਿਦਿਆਰਥੀ ਹੀ ਸਨ ਤਾਂ ਉਦੋਂ ਤੋਂ ਹੀ ਲਿਖਣ ਦੀ ਉਨਾਂ ਨੂੰ ਚੇਟਕ ਲੱਗ ਗਈ ਸੀ। ਕਾਲਜ ਦੀ ਐਮ. ਏ. ਦੀ ਪੜਾਈ ਪੂਰੀ ਕਰਨ ਉਪਰੰਤ ਉਹ ਬੈਂਕ ਵਿੱਚ ਲੱਗ ਗਏ। ਉਨਾਂ ਨੇ ਦੱਸਿਆ ਕਿ ਜਿੱਥੇ ਵੀ ਉਨਾਂ ਦੀ ਬਦਲੀ ਹੁੰਦੀ, ਉੱਥੇ ਕਿਸੇ–ਨਾ–ਕਿਸੇ ਲੇਖਕ ਸੱਜਣ ਨਾਲ ਉਨਾਂ ਦਾ ਵਾਹ– ਵਾਸਤਾ ਪੈਂਦਾ ਰਹਿੰਦਾ। ਜਦੋਂ ਉਨਾਂ ਦੀ ਬਦਲੀ ਰੋਪੜ ਦੀ ਹੋ ਗਈ ਤਾਂ ਉੱਥੇ ਉਨਾਂ ਦਾ ਵਾਹ ਉੱਥੋਂ ਦੀ ਜਿਲਾ ਲਿਖਾਰੀ ਸਭਾ ਨਾਲ ਪਿਆ ਤਾਂ ਉਹ ਉਸ ਸਭਾ ਨਾਲ ਜੁੜ ਗਏ ਤੇ ਫਿਰ ਉਨਾਂ ਵੱਲੋਂ ਛਾਪੀਆਂ ਸਾਂਝੀਆਂ ਪੁਸਤਕਾਂ ਦਾ ਹਿੱਸਾ ਬਣੇ। ਫਿਰ ਉਨਾਂ ਦੀ ਬਦਲੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਹੋ ਗਈ। ਜਿੱਥੇ ਉਨਾਂ ਦਾ ਵਾਹ ਡਾ. ਗੁਰਮੀਤ ਸਿੰਘ ਬੈਦਵਾਣ, ਡਾ. ਹਰਨੇਕ ਕਲੇਰ ਅਤੇ ਡਾ. ਸਰਬਜੀਤ ਬੇਦੀ ਨਾਲ ਪਿਆ। ਇੱਥੋਂ ਉਨਾਂ ਦਾ ਸ਼ੌਂਕ ਸਾਹਿਤ ਵੱਲ ਹੋਰ ਵੀ ਵਧਣ ਲੱਗਾ। ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਛਪਦੇ ‘ਪ੍ਰਾਇਮਰੀ ਸਿੱਖਿਆ ਮੈਗਜੀਨ’ ਵਿੱਚ ਛਪਣ ਦਾ ਉਨਾਂ ਨੂੰ ਮੌਕਾ ਮਿਲਿਆ। ਮੋਹਾਲੀ ਵਿਖੇ ਹੀ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਨਾਲ ਉਨਾਂ ਦੀਆਂ ਸਾਹਿਤਕ ਤੰਦਾਂ ਜੁੜੀਆਂ ਅਤੇ ਫਿਰ ਇਸ ਸੰਸਥਾ ਦੇ ਤਿੰਨ ਕਾਵਿ–ਸੰਗਿ੍ਰਹਾਂ ਵਿੱਚ ਉਨਾਂ ਨੇ ਵਧੀਆ ਹਾਜ਼ਰੀ ਲਗਵਾਈ। ਉਨਾਂ ਨੇ ਦੱਸਿਆ ਕਿ ਇਸ ਸੰਸਥਾ ਨੇ ਉਸ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਵਧਣ ਲਈ ਬਹੁਤ ਸਹਿਯੋਗ ਦਿੱਤਾ। ਆਪਣੀ ਮਾਂ–ਬੋਲੀ ਨੂੰ ਪ੍ਰਫੁੱਲਤ ਕਰਨ ਲਈ ਬੈਂਕ ਸਰਵਿਸ ਦੇ ਦੌਰਾਨ ਬੱਚਿਆਂ ਨੂੰ ਬਾਲ–ਸਹਿਤ ਤੇ ਹੋਰ ਵੱਡੀ ਉਮਰ ਦੇ ਬੰਦਿਆਂ ਨੂੰ ਸਾਹਿਤ ਵੰਡਣਾ ਤਾਲਾਪੁਰੀ ਦੀ ਰਗ–ਰਗ ਵਿੱਚ ਸਮਾ ਚੁੱਕੇ ਉਨਾਂ ਦੇ ਸ਼ੌਕ ਹਨ।
ਸਾਹਿਤਕ ਖੇਤਰ ਵਿਚ ਆਪਣੀ ਜੀਵਨ–ਸਾਥਣ ਅਤੇ ਬੱਚਿਆਂ ਵੱਲੋਂ ਮਿਲਦੇ ਸਹਿਯੋਗ ਦੀ ਗੱਲ ਦੱਸਣ ਵਾਲੇ ਤਾਲਾਪੁਰੀ ਜੀ ਨੇ ਮਾਨ–ਸਨਮਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨਾਂ ਨੂੰ ਅਨੇਕਾਂ ਸਨਮਾਨ–ਪੱਤਰ ਮਿਲ ਚੁੱਕੇ ਹਨ, ਜਿਨਾਂ ਵਿੱਚੋਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.), ਵਿਸ਼ਵ ਪ੍ਰਸਿੱਧ ਵਾਤਾਵਰਣ–ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਜ਼ਿਲਾ ਲਿਖਾਰੀ ਸਭਾ ਰੁਪਨਗਰ, ਸੈਣੀ ਭਵਨ ਰੂਪਨਗਰ ਅਤੇ ਜਨ ਸਮਾਚਾਰ ਰੂਪਨਗਰ ਆਦਿ ਵੱਲੋਂ ਮਿਲੇ ਸਨਮਾਨ ਉਨਾਂ ਦੇ ਲਈ ਅਭੁੱਲ ਸਨਮਾਨ ਹਨ। ਅੱਜ ਦੇ ਜਮਾਨੇ ਵਿੱਚ ਕਿੱਥੋਂ ਲੱਭਦੇ ਹਨ, ਤਾਲਾਪੁਰੀ ਜੀ ਦੀ ਸੋਚ ਵਾਲੇ ਇਨਸਾਨ। ਅਜਿਹੀ ਬਹੁ–ਪੱਖੀ ਸਖ਼ਸ਼ੀਅਤ ਉੱਤੇ ਜਿੰਨਾਂ ਵੀ ਮਾਣ ਕੀਤਾ ਜਾਵੇ, ਥੋੜਾ ਹੈ। ਪ੍ਰਮਾਤਮਾ ਹੋਰ ਵੀ ਬੁਲੰਦੀਆਂ ਬਖਸ਼ੇ, ਇਨਸਾਨੀਅਤ ਦੇ ਇਸ ਪੁਤਲੇ, ਧਰਮ ਸਿੰਘ ਤਾਲਾਪੁਰੀ ਜੀ ਨੂੰ ! ਆਮੀਨ !
–ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641
ਸੰਪਰਕ : ਧਰਮ ਸਿੰਘ ਤਾਲਾਪੁਰੀ, 9988544734