ਚੰਡੀਗੜ (ਪ੍ਰੀਤਮ ਲੁਧਿਆਣਵੀ)- ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਸਾਹਿਤ, ਸਮਾਜ ਅਤੇ ਸੱਭਿਆਚਾਰ ਲਈ ਨਿਰੰਤਰ ਕਾਰਜ ਕਰਦਿਆਂ ਪੰਦਰਾਂ ਹੋਰ ਸੰਜੀਦਾ ਤੇ ਅਗਾਂਹਵਧੂ ਪ੍ਰੋਗਰਾਮ ਕਰਵਾਏ। ਸਭਾ ਵੱਲੋਂ 16 ਮਾਰਚ, 22 ਨੂੰ ਕਰਵਾਏ ਗਏ ਪ੍ਰੋਗਰਾਮ ‘ਪੰਜਾਬੀ ਸਵੈ ਜੀਵਨੀ ਸਾਹਿਤ’ ਵਿੱਚ ਮਨੀਸ਼ਾ ਤੇ ਪ੍ਰਵੀਨ ਕੁਮਾਰੀ ਨੇ ਅਤੇ ‘ਨਵੇਂ ਦਾਖ਼ਲੇ ਅਤੇ ਰੁਜ਼ਗਾਰ ਦੇ ਮੌਕੇ’ ਵਿੱਚ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਹੁਰਾਂ ਸ਼ਿਰਕਤ ਕੀਤੀ। 17 ਮਾਰਚ, 22 ਨੂੰ ‘ਮੁਫ਼ਤ ਕਾਨੂੰਨੀ ਸਲਾਹ’ ਵਿਸ਼ੇ ਅਧੀਨ ਕਰਵਾਏ ਗਏ ਸਮਾਗਮ ਵਿਚ ਸੁਰਜੀਤ ਲਾਲ ਹੁਰਾਂ ਮੁੱਖ ਵਕਤੇ ਦੀ ਭੂਮਿਕਾ ਨਿਭਾਈ। ਜਦਕਿ 18 ਮਾਰਚ ਨੂੰ ‘ਪੰਜਾਬਣਾਂ ਦੇ ਗਹਿਣੇ’ ਸਮਾਗਮ ਵਿਚ ਹਰਪ੍ਰੀਤ ਕੌਰ ਅਤੇ ਪਰਮਜੀਤ ਕੌਰ ਸ਼ਾਮਲ ਹੋਏ। ਦੂਜੇ ਸਮਾਗਮ ‘ਪੰਜਾਬੀ ਲੇਖਕ ਅਤੇ ਇਨਾਮ’ ਵਿੱਚ ਰਮਨਦੀਪ ਕੌਰ ਅਤੇ ਦਿਲਜੋਤ ਕੌਰ ਨੇ ਸ਼ਿਰਕਤ ਕੀਤੀ। ਤੀਜੇ ਪ੍ਰੋਗਰਾਮ ‘ਵੀਹ ਆਧੁਨਿਕ ਪੰਜਾਬੀ ਕਵੀ’ ਵਿਚ ਪ੍ਰਵੀਨ ਕੁਮਾਰੀ ਅਤੇ ਸ਼ਮਾਂ ਨੇ ਭਾਗ ਲਿਆ। ਜਦਕਿ ਇਸੇ ਦਿਨ ਦੇ ਚੌਥੇ ਸਮਾਗਮ ‘ਸ਼ਬਦ ਕੀਰਤਨ’ ਵਿੱਚ ਤਰੁਨਪ੍ਰੀਤ ਸਿੰਘ ਅਤੇ ਸਬਦਿਲ ਸਿੰਘ ਹੁਰਾਂ ਆਪਣੇ ਬੋਲਾਂ ਨਾਲ ਸਭਨੂੰ ਮੋਹ ਲਿਆ। 19 ਮਾਰਚ, 22 ਨੂੰ ਕਰਵਾਏ ਗਏ ‘ਪੰਜਾਬੀ ਮਿੰਨੀ ਕਹਾਣੀਕਾਰ : ਵਿਹਾਰਕ ਦਿ੍ਰਸ਼ਟੀਕੋਣ’ ਪ੍ਰੋਗਰਾਮ ਵਿੱਚ ਮੁੱਖ ਵਕਤੇ ਵਜੋਂ ਆਲੋਚਕ ਡਾ.ਨਾਇਬ ਸਿੰਘ ਮੰਡੇਰ, ਹਰਿਆਣਾ ਤੋਂ ਸ਼ਾਮਲ ਹੋਏ। ਦੂਜੇ ਸਮਾਗਮ ‘ਕਿੱਤਾ ਮੁੱਖੀ ਪੇਪਰ, ਕਿਤਾਬਾਂ ਅਤੇ ਮੇਰਾ ਅਨੁਭਵ’ ਵਿੱਚ ਸਤਨਾਮ ਸਿੰਘ ਕੈਂਥ ਹੁਰਾਂ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਇਹ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਦਾ ਸੌਵਾਂ ਸਮਾਗਮ ਸੀ। ਇਸ ਮਗਰੋਂ 20 ਮਾਰਚ, 22 ਨੂੰ ‘ਨਵੀਂਆਂ ਕਿਤਾਬਾਂ ਅਤੇ ਕਵਿਤਾ ਗਾਇਨ’ ਪ੍ਰੋਗਰਾਮ ਵਿੱਚ ਨੌਜਵਾਨ ਗੁਰਕੀਰਤ ਸਿੰਘ ਨੇ ਭਾਗ ਲਿਆ ਅਤੇ ਨਵੀਂਆਂ ਕਿਤਾਬਾਂ ’ਤੇ ਚਾਨਣਾ ਪਾਇਆ।
ਸਭਾ ਦੇ 21 ਮਾਰਚ, 22 ਨੂੰ ਕਰਵਾਏ ਗਏ ਸਮਾਗਮ ‘ਦਸਤਾਰ ਸਜਾਓ, ਪਛਾਣ ਬਣਾਓ’ ਵਿੱਚ ਗੁਰਭਿੰਦਰ ਸਿੰਘ ਸੰਧੂ ਹੁਰਾਂ ਪੇਚਾਂ ਵਾਲੀ ਅਤੇ ਵੱਟਾਂ ਵਾਲੀ ਦਸਤਾਰ ਸਜਾਉਣ ਦੇ ਗੁਰ ਦੱਸੇ। ‘ਖੋਜਾਰਥੀ, ਪੀ. ਐੱਚ. ਡੀ. ਅਤੇ ਖੋਜ ਕਾਰਜ’ ਪ੍ਰੋਗਰਾਮ ਵਿਚ ਵਿਸ਼ਾ ਮਾਹਰ ਵਜੋਂ ਡਾ. ਰਾਮ ਮੂਰਤੀ ਹੁਰਾਂ ਸ਼ਿਰਕਤ ਕੀਤੀ ਅਤੇ ਖੋਜਾਰਥੀਆਂ ਨੂੰ ਖੋਜ ਸੰਬੰਧੀ ਜ਼ਰੂਰੀ ਨੁਕਤੇ ਸਮਝਾਏ। ਇਸ ਕੜੀ ਦਾ 13ਵਾਂ ਸਮਾਗਮ ‘ਨੂਰ-ਏ-ਇਲਾਹੀ ਗੁਰੂ ਗੋਬਿੰਦ ਸਿੰਘ ਜੀ : ਜੀਵਨ, ਰਚਨਾ ਅਤੇ ਸਿੱਖਿਆ’ ਵਿਸ਼ੇ ’ਤੇ ਇੱਕੀ ਮਾਰਚ, 22 ਨੂੰ ਹੀ ਕਰਵਾਇਆ ਗਿਆ। ਜਿਸ ਵਿੱਚ ਕਥਾਵਾਚਕ ਭਾਈ ਸੁਖਜੀਤ ਸਿੰਘ ਕਪੂਰਥਲਾ ਅਤੇ ਪੰਥਕ ਕਵੀ ਪ੍ਰੋ. ਦਲਬੀਰ ਸਿੰਘ ਰਿਆੜ ਹੁਰਾਂ ਸ਼ਿਰਕਤ ਕੀਤੀ ਅਤੇ ਗੁਰੂ ਸਾਹਿਬ ਨਾਲ ਸੰਬੰਧਿਤ ਇਤਿਹਾਸ ਨਾਲ ਚੋਖੀ ਸਾਂਝ ਪੁਵਾਈ। ਜਦਕਿ ਅਗਲਾ ਪ੍ਰੋਗਰਾਮ 22 ਮਾਰਚ ਨੂੰ ‘ਤਬਲਾ ਅਤੇ ਸਰੋਦ ਵਾਦਨ’ ਵਿਸ਼ੇ ਅਧੀਨ ਕਰਵਾਇਆ ਗਿਆ। ਜਿਸ ਵਿੱਚ ਤਬਲਾਵਾਦਕ ‘ਨੀਲੀ ਮੇਸ਼ ਚੱਕਰਵਰਤੀ ਅਤੇ ਸਰੋਦ ਵਾਦਕ ਅਰਨਾਬ ਭੱਟਾਚਾਰੀਆ ਹੁਰਾਂ ਸ਼ਿਰਕਤ ਕੀਤੀ। ਇਸ ਉਪਰੰਤ 22 ਮਾਰਚ, 2022 ਨੂੰ ਕਰਵਾਏ ਗਏ ‘ਕਰੀਅਰ ਖੇਡਾਂ’ ਸਮਾਗਮ ਵਿਚ ‘ਮਾਸਟਰ ਪਰਮਜੀਤ ਸਿੰਘ ਅਤੇ ਜਬਰਜੰਗ ਸਿੰਘ ਬਰਾੜ ਹੁਰਾਂ ਸ਼ਿਰਕਤ ਕੀਤੀ ਅਤੇ ਕਰੀਅਰ ਖੇਡਾਂ ਦੇ ਮਹੱਤਵ ਸੰਬੰਧੀ ਵਿਚਾਰ ਸਾਂਝੇ ਕੀਤੇ। ਇਹ ਸਾਰੇ ਪ੍ਰੋਗਰਾਮ ਐੱਲ. ਡੀ. ਡੀ. ਟੀ. ਵੀ.’ਤੇ ਲਾਇਵ ਕੀਤੇ ਗਏ।