ਟੋਰਾਂਟੋ – ਆਪਣੀ ਸਾਰੀ ਜਾਇਦਾਦ ਵੇਚ-ਵੱਟ ਕੇ ਭਾਰਤ ਤੋਂ ਕੈਨੇਡਾ ਆਏ ਦੀਪਕ ਤਲਵਾੜ ਨੂੰ ਦਿਲਾਸੇ ਤੋਂ ਸਿਵਾਏ ਕੁਝ ਨਹੀਂ ਮਿਲ ਰਿਹਾ। ਲੱਖਾਂ ਡਾਲਰ ਦਾ ਨਿਵੇਸ਼ ਕਰ ਚੁੱਕੇ 51 ਸਾਲ ਦੇ ਦੀਪਕ ਤਲਵਾੜ ਨੂੰ ਹਰ ਵਾਰ ਘੜਿਆ-ਘੜਾਇਆ ਜਵਾਬ ਮਿਲ ਜਾਂਦਾ ਹੈ ਕਿ ਪ੍ਰੋਸੈਸਿੰਗ ਚੱਲ ਰਹੀ ਹੈ ਪਰ ਦੋ ਸਾਲ ਬਾਅਦ ਵੀ ਉਸ ਦੇ ਹੱਥ ਖ਼ਾਲੀ ਹਨ।
ਇਹੀ ਹਾਲ ਕੈਨੇਡੀਅਨ ਸਿਟੀਜ਼ਨਸ਼ਿਪ ਜਾਂ ਪੀ.ਆਰ. ਦੀ ਉਡੀਕ ਵਿਚ ਬੈਠੇ 10 ਲੱਖ ਪ੍ਰਵਾਸੀਆਂ ਦਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਪਹਿਲੀ ਫ਼ਰਵਰੀ ਤੱਕ ਪਰਮਾਨੈਂਟ ਰੈਜ਼ੀਡੈਂਸ ਦੀਆਂ 5 ਲੱਖ 19 ਹਜ਼ਾਰ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚ ਰਫ਼ਿਊਜੀਆਂ ਦੀਆਂ 1 ਲੱਖ 59 ਹਜ਼ਾਰ ਅਰਜ਼ੀਆਂ ਵੀ ਸ਼ਾਮਲ ਹਨ।