ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੇ ਪੀਸ ਬਿ੍ਰਜ ਵਿਖੇ ਬੀਤੇ ਦਿਨੀਂ ਨਸਲਵਾਦ ਦੇ ਖਿਲਾਫ ਇੱਕਜੁੱਟਤਾ ਦਾ ਸੰਦੇਸ਼ ਦੇਣ ਦੇ ਲਈ ਇਕ ਰੈਲੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਮਿਊਨਿਟੀਆਂ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਨਸਲਵਾਦ ਦੇ ਖਾਤਮੇ ਦੇ ਲਈ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਮਾਇਕਲ ਐਂਬਾਈ ਪ੍ਰਧਾਨ ਅਫਰੀਕਨ ਕਮਿਊਨਿਟੀ ਐਸੋਸੀਏਸ਼ਨ ਕੈਲਗਰੀ ਨੇ ਕਿਹਾ ਕਿ ਕੈਨੇਡਾ ਵਿਚ ਪਿਛਲੇ ਕੁਝ ਸਾਲਾਂ ਤੋਂ ਨਸਲਵਾਦੀ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਜੋ ਕਿ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬੁਰਾਈ ਦੇ ਖਿਲਾਫ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਇਸ ਬੁਰਾਈ ਦਾ ਜੜ੍ਹ ਤੋਂ ਖਾਤਮਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਵਰਗੇ ਮੁਲਕ ਵਿਚ ਜਿੱਥੇ ਸਾਰੀ ਦੁਨੀਆਂ ਦੀਆਂ ਕਮਿਊਨਿਟੀਆਂ ਦੇ ਲੋਕ ਰਹਿ ਰਹੇ ਹਨ ਅਤੇ ਅਜਿਹੇ ਮਲਟੀ ਕਲਚਰਲ ਕਮਿਊਨਿਟੀਆਂ ਵਾਲੇ ਦੇਸ਼ ਵਿਚ ਨਸਲਵਾਦ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ।