ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਅਚਾਨਕ ਮੀਟਿੰਗ ਸੱਦੀ ਗਈ। ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ। ਇਸ ਮੌਕੇ ਕੇਜਰੀਵਾਲ ਨੇ ਪੰਜਾਬ ਦੇ ਚੁਣੇ ਗਏ ਨੁਮਾਇੰਦਿਆਂ ਨੂੰ ਸਖਤ ਸ਼ਬਦਾਂ ਵਿਚ ਕਿਹਾ ਕਿ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰੋ, ਜੇਕਰ ਕਿਸੇ ਦੀ ਗੜਬੜੀ ਦੀ ਸ਼ਿਕਾਇਤ ਆਉਂਦੀ ਹੈ ਤਾਂ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਸਜ਼ਾ ਮਿਲੇਗੀ। ਕੇਜਰੀਵਾਲ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀ ਕਰਨ ਵਾਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਬੇਈਮਾਨੀ ਕਰਨ ਵਾਲੇ ਮੰਤਰੀ-ਵਿਧਾਇਕ ਬਖਸ਼ੇ ਜਾਣਗੇ।
ਦਿੱਲੀ ਤੋਂ ਵੀਡੀਓ ਕਾਨਫ੍ਰੰਸਿੰਗ ਜ਼ਰੀਏ ਪੰਜਾਬ ਦੇ ਵਿਧਾਇਕਾਂ -ਮੰਤਰੀਆਂ ਨੂੰ ਸੰਬੋਧਨ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਦੇ ਕੰਮਾਂ ਦੀ ਤਾਰੀਫ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮਹਿਜ਼ 3 ਦਿਨਾਂ ‘ਚ ਕੀਤੇ ਕੰਮਾਂ ਲਈ ਮਾਨ ਦੇ ਪੂਰੇ ਦੇਸ਼ ‘ਚ ਚਰਚੇ ਹੋਣ ਲੱਗੇ ਹਨ, ਨਾਲ ਹੀ ਉਹਨਾਂ ਕਿਹਾ ਕਿ ਮੰਤਰੀਆਂ-ਵਿਧਾਇਕਾਂ ਨੂੰ ਪੰਜਾਬ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਚੈਕਿੰਗ ਲਈ ਜ਼ਰੂਰ ਜਾਵੋ, ਪਰ ਪਿਆਰ ਨਾਲ ਗੱਲ ਕਰੋ। ਕਿਸੇ ਨੂੰ ਧਮਕਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਅਧਿਕਾਰੀਆਂ ਨੂੰ ਦਬਕੇ ਮਾਰਦੇ ਇਕ ਆਗੂ ਦੀ ਵੀਡੀਓ ਸਾਹਮਣੇ ਆਈ ਹੈ, ਇਸ ਤਰ੍ਹਾਂ ਦਾ ਕੰਮ ਬਿਲਕੁਲ ਬੰਦ ਹੋਣਾ ਚਾਹੀਦਾ ਹੈ।