ਸਾਹਿਤ ਓਹਦਾ ਸਹਾਰਾ ; ਜਿਹਦਾ ਕੋਈ ਨਹੀਂ ਹੁੰਦਾ ਯਾਰਾ!

 *ਯਾਦਵਿੰਦਰ, ਸਰੂਪ ਨਗਰ, ਰਾਓਵਾਲੀ *
+916284336773
ਸੰਦਰਭ : ਜੇ ਜ਼ਿੰਦਗੀ ਵਿਚ ਸਭ ਕੁਝ ਹੁੰਦਿਆਂ ਹੋਇਆਂ ਵੀ ਬੇਚੈਨੀ ਮਹਸੂਸ ਹੁੰਦੀ ਹੋਵੇ ਤਾਂ ਇਹ ਪਰੇਸ਼ਾਨੀ ਦੀ ਅਲਾਮਤ ਨਹੀਂ ਹੈ। ਇਹ ਮੁਬਾਰਕ ਇਸ਼ਾਰਾ ਹੈ। ਇਥੋਂ ਪਤਾ ਲੱਗਦਾ ਹੈ ਕਿ ਸਾਡਾ ਜ਼ੇਹਨ ਹਾਲੇ ਹੋਰ ਖੁਲ੍ਹਣਾ ਚਾਹੁੰਦਾ ਹੈ। ਸਾਡਾ ਜ਼ੇਹਨ ਗ਼ਲਤ ਖ਼ਿਆਲਾਂ ਤੋਂ ਰਿਹਾਈ ਚਾਹੁੰਦਾ ਹੈ। ਲਓ, ਏਸ ਫਿਕ਼ਰੇ ਨੂੰ ਦੋਹਰਾਅ ਦਿੰਦੇ ਹਾਂ, ਇਹ ਬੇਚੈਨੀ ਨਹੀਂ ਹੈ, ਨਵੀਂ ਉਡਾਰੀ ਲਾਉਣ ਲਈ ‘ਅੰਦਰੂਨੀ ਸੈਨਤ’ ਹੈ। ਆਓ, ਸਾਹਿਤ ਤੇ ਖ਼ਾਸਕਰ ਸ਼ਾਹਕਾਰ ਸ਼ੈਆਂ ਨਾਲ ਜੁੜਨ ਲਈ ਮਨ ਬਣਾਈਏ।
————   ———
 ਅਜੋਕੇ ਦੌਰ ਦੇ ਲੋਕ, ਪਹਿਲੇ ਵਕ਼ਤਾਂ ਦੇ ਲੋਕਾਂ ਦੀ ਨਿਸਬਤ ਵੱਧ ”ਪੜ੍ਹੇ ਲਿਖੇ” ਤੇ ਡਿਗਰੀਆਂ ਵਾਲੇ ਹਨ। ਇਨ੍ਹਾਂ ਦਾਅਵਿਆਂ ਦੇ ਬਾਵਜੂਦ ਅਪਣੱਤ ਤੇ ਸਾਂਝ ਨਿਭਾਉਣ ਵਾਲੇ ਬੰਦੇ ਵਿਰਲੇ ਟਾਵੇਂ ਹੀ ਲੱਭਦੇ ਹਨ।
ਕੋਈ ਕਿਤੇ ਪਹੁੰਚਦਾ ਨਜ਼ਰ ਨਹੀਂ ਆਉਂਦਾ ਪਰ ਕਾਹਲਾ ਹਰ ਕੋਈ ਹੈ। ਸ਼ਾਇਦ ਇਹ ਦੌਰ ਪੜ੍ਹਿਆਂ ਲਿਖਿਆਂ ਦੀ ਜਹਾਲਤ ਦਾ ਦੌਰ ਹੈ। ਜ਼ਹਾਨਤ ਦਾ ਵਸੀਲਾ ਤਾਂ ਸੁਲੇਖ (ਸਾਹਿਤ ਜਾਂ ਅਦਬ) ਹੁੰਦਾ ਹੈ, ਜਦਕਿ, ਓਹਦੇ ਅਸੀਂ ਅੱਜਕਲ੍ਹ ਲਾਗੇ ਵੀ ਨਹੀਂ ਲੱਗਦੇ।
         2
    ਨਵੀਂ ਪੀੜ੍ਹੀ ਆਪਣੇ ਤਰੀਕੇ ਨਾਲ਼ ਨਵੇਂ ਰੁਝਾਨ, ਨਵੀਂ ਦਿੱਖ, ਨਵੇਂਪਣ ਦੀ ਮੁਰੀਦ ਹੈ। ਯਕੀਨੀ ਤੌਰ ਉੱਤੇ ਹਰ ਦੌਰ ਦੀ ਨਵੀਂ ਪੀੜ੍ਹੀ, ਪਿਛਲੀ ਪੀੜ੍ਹੀ ਨੂੰ ਨਾ-ਪਸੰਦ ਕਰਦੀ ਆਈ ਹੈ। ਇਵੇਂ ਹੀ ਪੁਰਾਣੀ ਪੀੜ੍ਹੀ ਸ਼ੇਖੀਖੋਰ ਬਣਨ ਦੀ ਹੱਦ ਤੱਕ ਜਾ ਕੇ, ਆਪਣੇ ਲੰਘੇ  ਵੇਲੇ ਦੀਆਂ ਤਰੀਫਾਂ ਕਰਦੀ ਹੈ। ਇਹ ਪੀੜ੍ਹੀ-ਪਾੜਾ ਹੈ। ਇਹ ਮੁੱਕਣ ਵਾਲਾ ਅਮਲ ਨਹੀਂ ਹੈ, ਪਰ ਏਨੀ ਗੱਲ ਅਟੱਲ ਹੈ ਕਿ ਜੇ ਨਵੀਂ ਪੀੜ੍ਹੀ ਸਾਹਿਤ ਦੇ ਵੱਖ ਵੱਖ ਰੂਪਾਂ ਮਸਲਨ ਸਾਹਿਤ, ਸਾਹਿਤਕ ਟੀ.ਵੀ. ਰੂਪਾਂਤਰ ਨਹੀਂ ਵੇਖਦੀ ਹੈ …ਤਾਂ …ਏਸ ਗੱਲ ਲਈ ਤਿਆਰ ਰਹਵੇ ਕਿ …ਏਸ ਤੋਂ ਅਗਲੀ ਪੀੜ੍ਹੀ ਦੀ ਨਜ਼ਰ ਵਿਚ …ਹੁਣ ਵਾਲੀ ਨਵੀਂ ਪੀੜ੍ਹੀ ਦੀ ਕੋਈ ਕ਼ਦਰ ਨਹੀਂ ਹੋਵੇਗੀ। ਆਖਰ ਸਰੀਰਕ ਲਚਕ, ਨਾਜ਼ ਨਖ਼ਰੇ ਸਦੀਵੀਂ ਸ਼ੈਅ ਨਹੀਂ ਹੁੰਦੇ। ਜਿਸਮਾਨੀ ਕੂਵਤ ਘੱਟਦੀ ਵੱਧਦੀ ਰਹਿੰਦੀ ਹੈ। ਪੁਰਨੂਰ, ਪੁਰ-ਕਸ਼ਿਸ਼ ਚੇਹਰੇ ਵੀ ਵਕ਼ਤ ਬੀਤਣ ਮਗਰੋਂ ਢਲਦੇ ਢਲਦੇ ਢੱਲ ਜਾਂਦੇ ਹਨ। ਸਦੀਵੀਂ ਸ਼ੈਅ ਤਾਂ “ਅੰਦਰਲਾ ਹੁਨਰ” ਹੀ ਹੋ ਸਕਦਾ ਹੈ। ਅੰਦਰਲੀ ਲਗਨ, ਮੁਸਲਸਲ ਜਨੂੰਨ, ਨਿੱਤ ਨਵਾਂ ਸਿੱਖਦੇ ਰਹਿਣ ਦੀ ਤਾਂਘ (ਹੀ) ਇਨਸਾਨ ਨੂੰ ਪਾਏਦਾਰ ਖੁਸ਼ੀ ਦੇ ਸਕਦੀ ਹੁੰਦੀ ਹੈ। ਏਸ ਖੁਸ਼ੀ ਦਾ ਕਾਰਖ਼ਾਨਾ ਆਪਣੇ ਮਨ ਦੇ ਅੰਦਰ ਲਾਇਆ ਜਾ ਸਕਦਾ ਹੈ।
  3
 ਕਲ੍ਹ ਬੜੇ ਦਿਨਾਂ ਮਗਰੋਂ ਯੂ ਟਿਊਬ ਉੱਤੇ ਦੂਰਦਰਸ਼ਨ ਦੇ ਗੁਜ਼ਰੇ ਦੌਰ ਦੇ ਲੜੀਵਾਰ ਦੇਖੇ। ਖ਼ਾਸਕਰ “ਰਾਜ ਸਭਾ ਟੀ.ਵੀ. ਆਰਕਾਈਵਜ਼” ਦੀਆਂ ਸਾਹਿਤਕ ਸੁਆਦ ਵਾਲੀਆਂ ਪੇਸ਼ਕਾਰੀਆਂ ਦੇਖੀਆਂ। ਇਹ ਬ-ਕ਼ਮਾਲ ਪ੍ਰੋਗਰਾਮ ਸਦੀਵੀਂ ਵੁੱਕਤ ਵਾਲੇ ਹਨ। “ਭਾਰਤ ਏਕ ਖੋਜ” ਜਿੱਥੇ ਮਰਹੂਮ ਜਵਾਹਰ ਲਾਲ ਨਹਿਰੂ ਦਾ ਸ਼ਾਹਕਾਰ ਕਾਰਜ ਹੈ, ਓਥੇ, ਸ਼ਿਆਮ ਬੇਨੇਗਲ ਦੀ ਹਿਦਾਇਤਕਾਰੀ ਨੇ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ ਹੈ। ਗੁਰਵਿੰਦਰ ਸਿੰਘ ਦੇ ਨਿਰਦੇਸ਼ਨ ਵਾਲਾ ਯੂਪੀ ਦੇ ਜਿੰਮੀਦਾਰਾਂ ਦੀ ਮਨੋਦਸ਼ਾ ਚਿੱਤਰਦਾ ਸੀਰੀਅਲ “ਨੀਮ ਕਾ ਪੇੜ” ਯਾਦ ਆਉਂਦਾ ਹੈ। ਇਸੇ ਮਿਆਰ ਦੀ ਗੱਲ ਕਰੀਏ ਤਾਂ ਮਰਹੂਮ ਰਾਹੀ ਮਾਸੂਮ ਰਜ਼ਾ ਦੀਆਂ ਕਹਾਣੀਆਂ, ਦੂਰਦਰਸ਼ਨ ਦੀ ਚੜ੍ਹਤ ਵੇਲੇ ਦੇ ਹਿੰਦੀ ਲੜੀਵਾਰ ਤੇ ਹੋਰ ਬਹੁਤ ਕੁਝ ਮੌਜੂਦ ਹੈ।
ਸੋ, ਇਹ ਗੱਲ ਸਿਰਫ਼ ਲਿਖਤੀ ਸਾਹਿਤ ਬਾਬਤ ਨਹੀਂ ਹੋ ਰਹੀ। ਸਾਹਿਤ ਦਾ ਟੀ.ਵੀ. ਰੂਪਕ ਵੀ ਸਾਹਿਤਕ ਲੱਜ਼ਤ ਤੋਂ ਕੋਰਾ ਨਹੀਂ ਹੁੰਦਾ। ਜਦੋਂ ਅਸੀਂ ਨਿੱਕੇ ਹੁੰਦੇ ਸੀ, ਉਦੋਂ ਏਹਸਾਸ ਨਹੀਂ ਸੀ ਪਰ ਅਜੋਕੇ ਦੌਰ ਦੀਆਂ ਘਟੀਆਤਰੀਨ ਫ਼ਿਲਮਾਂ, ਬਕਵਾਸ ਕਿਸਮ ਦਾ ਸੰਗੀਤ, ਫੂਹੜ ਕਾਮੇਡੀ ਸ਼ੋਅਜ਼ ਦੇਖ ਕੇ ਧੁਰ ਅੰਦਰੋਂ ਪੁਕਾਰ ਉੱਠਦੀ ਹੈ ਕਿ ਅਸੀਂ ਸੁਨਹਿਰੀ ਦੌਰ ਮਾਣਿਆ ਹੋਇਆ ਹੈ। ਓਹੋ ਜਿਹੀ ਬਾਲ ਵਰ੍ਹੇਸ (ਬਚਪਣ), ਓਹੋ ਜਿਹਾ ਦੂਰਦਰਸ਼ਨੀ ਆਲਮ ਕਦੇ ਦੁਬਾਰਾ ਵਾਪਰਣ ਵਾਲਾ ਨਹੀਂ ਹੈ।( ਸ਼ੁਕਰ ਹੈ ਕਿ ਯੂਟਿਊਬ ਉੱਤੇ ਕਾਇਮ ਦਾਇਮ ਹੈ।)
4
 ਪਿੱਛੇ ਜਿਹੇ ਏਸ ਲੇਖ ਲੜੀ ਦੇ (ਇਕ) ਪਾਠਕ ਨੇ ਫੋਨ ਕਰ ਕੇ ਮੇਰਾ ਹੌਸਲਾ ਵਧਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ  “ਆਮ ਬਸ਼ਰ ਦੀ ਪਰਵਾਜ਼” ਲੇਖ ਲੜੀ ਨੂੰ ਉਨ੍ਹਾਂ ਨੇ ਹਰਫ਼ ਬ ਹਰਫ਼ ਪੜ੍ਹਿਆ ਹੋਇਆ ਹੈ ਤੇ ਜਿਹੜਾ ਸਰੂਰ ਮਾਣਿਆ ਹੈ, ਓਹਦੀ ਸ਼ੁਕ਼ਰਗੁਜ਼ਾਰੀ ਲਈ ਕਾਲ ਕੀਤੀ ਹੈ। ਫੇਰ, ਉਨ੍ਹਾਂ ਨੇ ਪੁੱਛਿਆ ਕਿ ਕੋਈ ਲਿਖਾਰੀ “ਸ਼ਬਦਾਂ ਦਾ ਸਮੁੰਦਰ” ਕਿਵੇਂ ਬਣ ਜਾਂਦਾ ਹੈ? ਫੇਰ, ਉਨ੍ਹਾਂ ਨੇ ਪੁੱਛਿਆ, ‘ਭਾਸ਼ਾਈ ਉਡਾਰੀ ‘ਦਾ ਸਬੱਬ ਕੀ ਹੁੰਦਾ ਹੈ? ਏਸ ਅੰਦਰਲੀ ਅਮੀਰੀ ਦਾ ਰਾਜ਼ ਕੀ ਹੁੰਦਾ ਹੈ? ਮੈਂ ਜਵਾਬਨ ਕਿਹਾ ਕਿ ਇਹ ਤਾਂ “ਸ਼ਬਦਾਂ ਦਾ ਕੋਈ ਸਮੁੰਦਰ” ਹੀ ਦੱਸ ਸਕੇਗਾ ਕਿ ਇਹਦਾ ਸਬੱਬ ਕੀ ਹੁੰਦਾ ਹੋਵੇਗਾ।
 ਹਾਂ, ਪਰ, ਇਹ ਲਾਜ਼ਮਨ ਸੱਚ ਹੈ ਕਿ ਅਖ਼ਬਾਰੀ ਸੁਲੇਖ ਉੱਤੇ ਗ਼ੌਰ ਕਰਨ ਵਾਲਾ, ਚੰਗੀਆਂ ਲਿਖਤਾਂ ਪੜ੍ਹਨ/ਸੁਣਨ ਵਾਲਾ ਜੇ ਇਹ ਅਮਲ ਲਗਾਤਾਰ ਬਣਾਈ ਰੱਖੇ ਤਾਂ ਓਸ ਵਰਤਾਰੇ ਦੇ ਨੇੜੇ ਢੁੱਕਣਾ ਸ਼ੁਰੂ ਹੋ ਜਾਂਦਾ ਹੈ, ਜਦੋਂ, ਆਮ ਗੱਲਕੱਥ ਵੀ ਸਾਹਿਤਕ ਬਿਰਤਾਂਤ ਵਰਗੀ ਹੋਣ ਲੱਗਦੀ ਹੈ। ਆਖ਼ਰ, ਭੌਰਾ ਵੀ ਤਾਂ ਫੁੱਲਾਂ ਤੋਂ ਪ੍ਰਾਗਨ ਚੂਸ ਕੇ ਲਿਆਉਂਦਾ ਹੀ ਹੈ। ਸ਼ਬਦਾਂ ਦਾ ਸਮੁੰਦਰ ਡੀਕ ਜਾਣ ਉੱਤੇ ਕਿਸੇ ਦੀ ਪੈਦਾਇਸ਼ੀ ਅਜਾਰੇਦਾਰੀ ਨਹੀਂ ਹੋ ਸਕਦੀ। ਕੁਲ ਦੁਨੀਆਂ ਦਾ ਸ਼ਾਹਕਾਰ ਸਾਹਿਤ ਮੁਫ਼ਤ ਵਿਚ ਪੜ੍ਹਨ ਲਈ ਮੁਹਈਆ ਹੈ। ਅਸੀਂ ਕਿਓੰ ਆਪਣੇ ਆਪ ਨੂੰ ਰੋਕ ਕੇ ਰੱਖਦੇ ਹਾਂ! ਇਹ ਪੱਖ ਪੜਚੋਲਣਾ ਚਾਹੀਦਾ ਹੈ।
5
 ਸਿਰਫ਼, ਪੜ੍ਹਨਾ ਈ ਸਭ ਕੁਝ ਨਹੀਂ ਹੁੰਦਾ। ਸੁਣਵਈਆ (ਸਰੋਤਾ) ਹੋਣਾ ਵੀ ਕਮਾਲ ਦੀ ਸਿਫ਼ਤ ਹੈ।ਸੀਨਾ ਬ ਸੀਨਾ ਤੁਰੇ ਆਉਂਦੇ ਅਣਲਿਖੇ ਇਤਿਹਾਸ ਨੂੰ ਜਾਨਣ ਵਾਲੇ ਦੱਸਦੇ ਨੇ ਕਿ ਪੁਰਾਣੇ ਗੁਲੂਕਾਰ (ਗਵਈਏ) ਆਪਣੇ ਸਹੀ ਸੁਣਵਈਏ ਨੂੰ ਸੁਰ ਲਾ ਕੇ ਖ਼ਾਮੀਆਂ ਪੁੱਛਦੇ ਹੁੰਦੇ ਸਨ। ਜਣੇ ਖਣੇ ਨੇ ਉਹ ਬਰੀਕ ਗ਼ਲਤੀ ਕਿੱਥੋਂ ਫੜ ਲੈਣੀ ਹੁੰਦੀ ਹੈ, ਜਿਹੜੀ ਸਹੀ ਸੁਣਵਈਏ ਨੂੰ ਮਹਸੂਸ ਹੋਣੀ ਹੁੰਦੀ ਹੈ। ਸਹੀ ਸਰੋਤਾ, ਸਹੀ ਸੁਣਨਹਾਰ, ਕਦੇ ਕਿਤੇ ਲੱਭ ਪਵੇ ਤਾਂ ਕੁਦਰਤ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਸਾਰਿਆਂ ਨੂੰ ਸਹੀ ਬੰਦੇ ਨਹੀਂ ਲੱਭਦੇ ਹੁੰਦੇ!!
  6
 ਸਾਹਿਤ ਕੀ ਹੈ?
 ‘ਸਾ’ ਦਾ ਅਰਥ ਲੋਕ ਵੀ ਹੈ, ‘ਸਾ’ ਦਾ ਮਤਲਬ “ਜਿਊਣ ਤਾਂਘ” ਵੀ ਹੈ। “ਸਾ” ਦਾ ਅਰਥ, “ਇਨਸਾਨੀ ਮਨ” ਵੀ ਹੈ। “ਸਾ” ਦਾ ਮਤਲਬ ਭਟਕਣ ਵੀ ਹੈ।
 ਭਾਰਤੀ ਫ਼ਲਸਫ਼ੇ ਵਿਚ “ਸੰਤ” ਦਾ ਜਿਹੜਾ ਸੰਕਲਪ ਹੈ, ਉਹ ਵੀ, ਦਰਅਸਲ “ਸਾ+ਅੰਤ” ਦੀ ਸਮਝ ਵਿਚ ਵਿਗਸਤ ਖ਼ਿਆਲ ਹੈ। ਸ-ਅੰਤ ਜਾਂ ਸੰਤ ਦਾ ਸਹਿਜ ਸੁਖਾਲ਼ਾ ਮਤਲਬ “ਸਾ” ਦਾ ਅਖ਼ੀਰ ਕਰ ਦੇਣ ਵਾਲਾ ਹੋ ਸਕਦਾ ਹੈ। ਲਾਜ਼ਮੀ ਨਹੀਂ ਕਿ ਮੇਰੇ ਅੰਦਾਜ਼ੇ ਸਹੀ ਹੀ ਹੋਣ …,ਪਰ ਏਸ ਸੇਧ ਵਿਚ ਸੋਚ ਸਕਦੇ ਹਾਂ।
      ਸਾ+ਹਿਤ ਦਾ ਸਾਦਾ ਅਰਥ ਹੈ, ਲੋਕਾਈ ਦਾ ਹਿਤਕਾਰੀ। ਇੱਥੇ ਲੋਕਾਈ ਦਾ ਮਤਲਬ ਕੁਲ ਲੋਕਾਈ ਵੀ ਹੈ ਤੇ ਲੋਕਾਈ ਦੇ ਜੀਅ ਦੇ ਤੌਰ ਉੱਤੇ ਅਸੀਂ ਆਪਣੇ ਆਪ ਨੂੰ ਵੀ ਲੋਕਾਈ ਵਿਚ ਗਿਣ ਸਕਦੇ ਹਾਂ। ਸਾਹਿਤ, ਬੰਦੇ ਨੂੰ ਬੰਦਦਿਮਾਗ਼ ਨਹੀਂ ਰਹਿਣ ਦਿੰਦਾ, ਵੱਡੇ ਚਿੱਤ ਵਾਲਾ ਬਣਾ ਦਿੰਦਾ ਹੈ। ਕਿਤਾਬ, ਆਪਣੇ ਪੜ੍ਹਾਕ ਨੂੰ ਹੋਰ ਦਾ ਹੋਰ ਬਣਾ ਸਕਣ ਵਾਲੀ ਸ਼ੈਅ ਹੁੰਦੀ ਹੈ।
7
 ਸੋ, ਆਓ, ਅਹਿਦ ਕਰਦੇ ਹਾਂ ਕਿ ਚੰਗੀਆਂ ਲਿਖਤਾਂ ਔਡੀਓ ਫੋਰਮਟ ਵਿਚ ਮਿਲੀਆਂ ਤਾਂ ਲਾਜ਼ਮੀ ਸੁਣਾਂਗੇ।
ਛਪੀ ਸ਼ਕ਼ਲ ਵਿਚ ਲੱਭੀਆਂ ਤਾਂ ਲਾਜ਼ਮੀ ਪੜ੍ਹਾਂਗੇ। ਕਿਸੇ ਟੀ.ਵੀ. ਚੈਨਲ ਉੱਤੇ ਕੋਈ ਰੂਪਕ, ਸਾਹਿਤਕ ਜਾਂ ਸਿਆਸੀ ਸਰੋਕਾਰਾਂ ਦੀ ਸੂਝਤ ਵਾਲਾ ਪ੍ਰਸਾਰਨ ਹੋ ਰਿਹਾ ਹੋਵੇਗਾ ਤਾਂ ਲਾਜ਼ਮੀ ਦੇਖਾਂਗੇ।
   ਇੰਝ ਕੀਤਿਆਂ ਹੀ ਸਾਡੀ ਲਫ਼ਜ਼ਾਲੀ ਅਮੀਰ, ਹੋਰ ਅਮੀਰ ਤੇ ਅਮੀਰਤਰੀਨ ਹੋ ਸਕੇਗੀ।
 ਇੰਝ ਕੀਤਿਆਂ ਹੀ ਅਸੀਂ ਭਾਸ਼ਾ ਦੇ ਸੁਆਦ ਨੂੰ ਮਨ ਦੇ ਧਰਾਤਲ ਉੱਤੇ ਮਾਣ ਸਕਾਂਗੇ। ਇਹ ਖ਼ੂਬੀਆਂ ਸਾਡੇ ਅੰਦਰ ਪੁੰਗਰ  ਜਾਣ ਤਾਂ ਅਸੀਂ ਆਪਣੇ ਵਕ਼ਤ, ਆਪਣੇ ਵਸੀਲਿਆਂ ਦੇ ਹਾਕ਼ਮ ਬਣ ਸਕਾਂਗੇ। ਏਸ ਅਮਲ ਨੂੰ ਜਾਰੀ ਰੱਖਾਂਗੇ ਤਾਂ ਜ਼ਿੰਦਗੀ ਆਪਣੇ ਆਪ ਮੁਬਾਰਕ ਲੀਹਾਂ ਉੱਤੇ ਚੜ੍ਹ ਜਾਏਗੀ। ਆਓ, ਆਪਣੀ ਖਾਤਰ ਰਤਾ “ਖ਼ੁਦਗਰਜ਼” ਬਣੀਏ। ਦੂਜਿਆਂ ਦੀ ਤਵੱਜੋ ਲੈਣ ਲਈ ਪਤਾ ਨਹੀਂ ਕੀ-ਕੀ ਕਰਦੇ ਰਹਿੰਦੇ ਹਾਂ। ਆਓ, ਆਪਣੇ ਆਪ ਨੂੰ ਵਕ਼ਤ ਦਈਏ। ਆਓ, ਸਾਹਿਤ ਨੂੰ ਸਾਡਾ ਹਿੱਤ ਕਰਨ ਦਾ ਮੌਕਾ ਦਿੰਦੇ ਹਾਂ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...