ਚੰਡੀਗੜ (ਪ੍ਰੀਤਮ ਲੁਧਿਆਣਵੀ)- ਦੋ ਦਰਜਨ ਦੇ ਕਰੀਬ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ, ਪੰਜਾਹ ਕੁ ਗੀਤਾਂ ਦੇ ਵੀਡੀਓ ਡਾਇਰੈਕਟਰ ਵਜੋਂ ਫਿਲਮਾਂਕਣ ਅਤੇ ਪੱਤਰਕਾਰੀ ਖੇਤਰ ਵਿਚ ਸੰਗੀਤਕ ਤੇ ਫਿਲਮੀ ਖਬਰਾਂ ਅਤੇ ਵੱਖ-ਵੱਖ ਕਲਾਕਾਰਾਂ ਦੀਆਂ ਇੰਟਰਵਿਊਜ ਕਰਕੇ ਗੁਰਬਾਜ ਗਿੱਲ ਨੇ ਹੁਣ ਤੱਕ ਸੰਗੀਤਕ ਤੇ ਫਿਲਮੀ ਦੁਨੀਆ ਵਿੱਚ ਆਪਣਾ ਵਿਸ਼ਾਲ ਦਾਇਰਾ ਕਾਇਮ ਕੀਤਾ ਹੈ, ਜਿਸ ਸਦਕਾ ਅੱਜ ਸੰਗੀਤ ਤੇ ਫਿਲਮ ਇੰਡਸਟਰੀ ਵਿੱਚ ਉਸਦੀ ਇੱਕ ਨਿਵੇਕਲੀ ਪਛਾਣ ਹੈ। ਹੁਣ ਗਾਇਕੀ ਖੇਤਰ ਵਿੱਚ ਜਬਰਦਸਤ ਸ਼ੁਰੂਆਤ ਕਰਦਿਆਂ ਉਹ ਗਾਇਕੀ ਦੀਆਂ ਸਟੇਜਾਂ ਵੱਲ ਵੀ ਨਿੱਤਰਿਆ ਹੈ। ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ ਹਰਰਾਏਪੁਰ ਵਿਖੇ ਐਡਵੋਕੇਟ ਪਰਮਜੀਤ ਭੁੱਲਰ, ਡੀ ਐਸ ਦਵਿੰਦਰਾ, ਰੋਜਾਨਾ ‘ਸਾਂਝੀ ਖਬਰ’ ਅਖਬਾਰ ਦੇ ਸੰਪਾਦਕ ਪੀ ਐਸ ਮਿੱਠਾ, ਗਾਇਕ ਜਗਤਾਰ ਸਿੱਧੂ ਤਿੰਨਕੌਣੀ ਅਤੇ ਪ੍ਰੋਡਿਊਸਰ ਤੇ ਪ੍ਰਮੋਟਰ ਮੰਦਰ ਖੋਸਾ ਵਿੰਨੀਪੈਗ ਦੇ ਵਿਸ਼ੇਸ ਸਹਿਯੋਗ ਨਾਲ ਗੁਰਬਾਜ ਗਿੱਲ ਤੇ ਮਨਦੀਪ ਲੱਕੀ ਦੇ ਗਾਏ ਗੀਤ ‘ਬਾਈ ਬਾਈ’ ਦਾ ਵੀਡੀਓ ਫਿਲਮਾਂਕਣ ਮੁਕੰਮਲ ਕੀਤਾ ਗਿਆ। ਇੰਟਰਨੈਸ਼ਨਲ ਗੀਤਕਾਰ ਜੋਰਾ ਗਿੱਲ ਮਹਿਣਾ ਦੇ ਲਿਖੇ ਇਸ ਖੂਬਸੂਰਤ ਜਿਹੇ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਸੁਖਬੀਰ ਰੰਧਾਵਾ ਨੇ ਸੰਗੀਤਬੱਧ ਕੀਤਾ ਹੈ, ਜਿਸ ਨੂੰ ਐਮ ਕੇ ਰਿਕਾਰਡਜ ਵੱਲੋਂ ਜਲਦੀ ਹੀ ਬੜੇ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ।