ਪੰਜਾਬ ਦੇ ਨਵੇਂ ਮੰਤਰੀ ਮੰਡਲ ਨੇ ਅੱਜ ਸਹੁੰ ਚੁੱਕੀ ਤੇ ਨਾਲ ਹੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ। ਸਹੁੰ ਚੁੱਕ ਸਮਾਗਮ ਤੋਂ ਬਾਅਦ CM ਭਗਵੰਤ ਮਾਨ ਨੇ ਸਾਰੇ ਨਵੇਂ ਮੰਤਰੀ ਮੰਡਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਮਿਲ ਕੇ ਪੰਜਾਬ ਦੇ 3 ਕਰੋੜ ਲੋਕਾਂ ਲਈ ਪੂਰੀ ਈਮਾਨਦਾਰੀ ਨਾਲ ਕੰਮ ਕਰਨਾ ਹੈ ਤੇ ਪੰਜਾਬ ਨੂੰ ਫਿਰ ਤੋਂ ਸੁਨਿਹਰੀ ਬਣਾਉਣਾ ਹੈ।
ਮੰਤਰੀ ਅਹੁਦੇ ਦੀ ਸਹੁੰ ਲੈਣ ਵਾਲਿਆਂ ‘ਚ ਹਰਪਾਲ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਡਾ. ਵਿਜੇ ਸਿੰਗਲਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ETO, ਲਾਲਚੰਦ ਕਟਾਰੂ ਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮਾਸ਼ੰਕਰ ਜਿੰਪਾ ਤੇ ਹਰਜੋਤ ਸਿੰਘ ਬੈਂਸ ਹਨ। ਇਨ੍ਹਾਂ ਵਿਚੋਂ ਹਰਪਾਲ ਚੀਮਾ ਦਿੜ੍ਹਬਾ ਤੋਂ ਤੇ ਮੀਤ ਹੇਅਰ ਬਰਨਾਲਾ ਤੋਂ ਦੂਜੀ ਵਾਰ ਚੁਣ ਕੇ ਆਏ ਹਨ। ਬਾਕੀ ਸਾਰੇ ਪਹਿਲੀ ਵਾਰ ਚੋਣ ਜਿੱਤ ਕੇ ਹੀ ਮੰਤਰੀ ਬਣ ਰਹੇ ਹਨ। ਪੰਜਾਬ ਸਰਕਾਰ ਵਿਚ ਹੁਣ CM ਮਾਨ ਸਣੇ 4 ਜੱਟ ਸਿੱਖ, 3 ਹਿੰਦੂ, 4 ਦਲਿਤ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਵਿਚ ਇੱਕ ਮਹਿਲਾ ਮੰਤਰੀ ਡਾ. ਬਲਜੀਤ ਕੌਰ ਸ਼ਾਮਲ ਹੈ।