ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ ਨੇ ਕੱਲ੍ਹ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦਾ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਸਮੇਤ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਵਾਲੀਆਂ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਦੇ ਨਾਲ ਸੰਬੰਧ ਨਹੀਂ।ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਦੀ ਕੌਮੀ ਮੀਟਿੰਗ ਵਿਚ ਸਰਬਸੰਮਤੀ ਦਾ ਫੈਸਲਾ ਸੀ ਕਿ ਚੋਣਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਪਾਰਟੀ ਬਣਾਉਣ ਵਾਲੀ ਕੋਈ ਵੀ ਜਥੇਬੰਦੀ ਜਾਂ ਚੋਣ ਲੜਨ ਵਾਲਾ ਆਗੂ ਸਾਡੇ ਮੋਰਚੇ ਦਾ ਮੈਂਬਰ ਨਹੀਂ ਰਹੇਗਾ।
ਡਾਕਟਰ ਦਰਸ਼ਨ ਪਾਲ, ਹਨਨਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ (ਕੱਕਾ ਜੀ), ਯੁਧਵੀਰ ਸਿੰਘ ਤੇ ਯੋਗਿੰਦਰ ਯਾਦਵ ਨੇ ਕਿਹਾ ਕਿ 2 ਮਾਰਚ ਨੂੰ ਲਖੀਮਪੁਰ ਖੀਰੀ ਦੀ ਮੀਟਿੰਗ ਵਿੱਚ ਜਿਸ ਵੀ ਆਗੂ ਨੇ ਸ਼ਮੂਲੀਅਤ ਕੀਤੀ, ਉਸ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਨੁਸ਼ਾਸਨੀ ਕਾਰਵਾਈ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਚਾ ਦੋਫਾੜ ਨਹੀਂ ਹੋਇਆ। ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ‘ਸੰਯੁਕਤ ਸਮਾਜ ਮੋਰਚਾ’ ਤੇ ‘ਸੰਯੁਕਤ ਸੰਘਰਸ਼ ਪਾਰਟੀ’ ਦੇ ਨਾਂਅ ਹੇਠ ਪਾਰਟੀਆਂ ਬਣਾਉਣ ਅਤੇ ਚੋਣਾਂ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਘੱਟੋ-ਘੱਟ ਅਪ੍ਰੈਲ ਤਕ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਹੋ ਗਈਆਂ ਹਨ।