ਪਟਿਆਲਾ–ਤੀਜੇ ਜੈਂਡਰ ਸੰਬੰਧੀ ਦੁਨੀਆਂ ਭਰ ਵਿਚ ਵਤੀਰਾ ਬਦਲ ਰਿਹਾ ਹੈ। ਉਹ ਵੀ ਆਮ ਆਦਮੀਆਂ ਜਾਂ ਔਰਤਾਂ ਵਾਂਗ ਵਿਦਿਆ ਪ੍ਰਾਪਤੀ ਤੋਂ ਬਾਅਦ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਅਤੇ ਸਨਮਾਨਜਨਕ ਜਿੰਦਗੀ ਬਤੀਤ ਕਰ ਰਹੇ ਹਨ। ਸਾਡੇ ਦੇਸ਼ ਭਾਰਤ ਵਿਚ ਆਮ ਤੌਰ ਤੇ ਅਜੇ ਵੀ ਇਹਨਾਂ ਨੂੰ ਤਿਰਸਕਾਰ ਦੀ ਨਜਰ ਨਾਲ ਹੀ ਦੇਖਿਆ ਜਾਂਦਾ ਹੈ। ਅਜੋਕੇ ਸਮੇਂ ਵਿਚ ਹਾਲਾਤ ਕੁਝ ਕਰਵਟ ਲੈ ਰਹੇ ਹਨ। ਤੀਸਰੇ ਜੈਂਡਰ ਵਾਲਿਆਂ ਵਿਚੋਂ ਕੁਝ ਨੇ ਪੜਾਈ ਵਿਚ ਮਾਰਕੇ ਵੀ ਮਾਰੇ ਹਨ ਅਤੇ ਕਈਆਂ ਨੇ ਸਮਾਜ ਸੁਧਾਰ ਦੇ ਕੰਮਾ ਵਿਚ ਵੀ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਇਸ ਪੱਖੋ ਇਕ ਨੌਜਵਾਨ ਲੜਕੀ ਹਿਮਾਨੀ ਠਾਕੁਰ ਦੀ ਪੁਸਤਕ ‘ਜੈਂਡਰ ਸਟੱਡੀਜ਼’ ਦਾ ਲੋਕ ਅਰਪਣ ਪਿਛਲੇ ਦਿਨੀ ਪਟਿਆਲਾ ਵਿਖੇ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਪਟਿਆਲਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਸਰਵ ਸ਼੍ਰੀ ਸਤਿੰਦਰ ਸਿੰਘ ਨੰਦਾ, ਡਾ. ਸਤਨਾਮ ਸਿੰਘ, ਡਾ. ਹਰਵਿੰਦਰ ਕੌਰ ਗਰੋਵਰ, ਡਾ. ਬਲਜਿੰਦਰ ਕੌਰ ਜੋਸ਼ੀ ਵੀ ਹਾਜਰ ਸਨ। ਮਹਿੰਦਰਾ ਕਾਲਜ ਪਟਿਆਲਾ ਦੀ ਪ੍ਰੋਫੈਸਰ ਡਾ. ਨੀਲਮ ਗੋਇਲ ਨੇ ਇਸ ਪੁਸਤਕ ਦੀ ਲੇਖਿਕਾ ਹਿਮਾਨੀ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਮੈਡਮ ਗੁਰਸ਼ਰਨ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਮਾਜ ਦੇ ਇਸ ਅਣਗੌਲੇ ਵਰਗ ਨੂੰ ਪੇਸ਼ ਆਉਂਦੀਆਂ ਔਕੜਾਂ ਤੇ ਸਥਿਤੀਆਂ ਨੂੰ ਹਲ ਕਰਨਾ ਅੱਜ ਦੇ ਸੱਭਿਅਕ ਸਮਾਜ ਦੀ ਜਿਮੇਵਾਰੀ ਹੀ ਨਹੀਂ ਸਗੋਂ ਫਰਜ ਵੀ ਹੈ ਕਿਉਂ ਜੋ ਤੀਜੇ ਜੈਂਡਰ ਵਾਲੇ ਵੀ ਸਾਡੇ ਹੀ ਸਮਾਜ ਦਾ ਹਿੱਸਾ ਅਤੇ ਅਨਿਖੜਵਾਂ ਅੰਗ ਹਨ।ਆਪ ਨੇ ਲੇਖਿਕਾ ਦੀ ਇਸ ਗੱਲ ਤੋਂ ਭਰਪੂਰ ਪ੍ਰਸੰਸਾ ਕੀਤੀ ਕਿ ਉਸ ਨੇ ਆਪਣੀ ਛੋਟੀ ਉਮਰ ਦੇ ਬਾਵਜੂਦ ਇਕ ਮਹੱਤਵਪੂਰਨ ਵਿਸ਼ੇ ਤੇ ਪਹਿਲ ਕਦਮੀ ਹੀ ਨਹੀਂ ਕੀਤੀ ਸਗੋਂ ਉਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾ ਕੇ ਦੂਜਿਆਂ ਦਾ ਮਾਰਗਦਰਸ਼ਨ ਵੀ ਕੀਤਾ ਹੈ। ਹਿਮਾਨੀ ਠਾਕੁਰ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੁਆਲੇ ਪਸਰੇ ਸਮੁੱਚੇ ਪਸਾਰੇ ਵਿਚ ਮਨੁੱਖ ਮਾਤਰ ਹੀ ਸਰਵਸ੍ਰੇਸ਼ਠ ਹੈ। ਉਸ ਨੇ ਇਹ ਵੀ ਕਿਹਾ ਕਿ ਕੁਦਰਤ ਦੇ ਰਚਨ ਹਾਰੇ ਨੇ ਸਿਰਫ ਮਨੁੱਖ ਜਾਤੀ ਨੂੰ ਹੀ ਤੀਜਾ ਨੇਤਰ ਪ੍ਰਦਾਨ ਕੀਤਾ ਹੈ, ਜਿਸ ਨੂੰ ਦਿਮਾਗ ਦੇ ਨਾਲ ਦਿੱਤਾ ਜਾਂਦਾ ਹੈ, ਪਰ ਇਸ ਦੇ ਨਾਲ ਹੀ ਮਨੁੱਖ ਜਾਤੀ ਦੀ ਇਹ ਕਮਜ਼ੋਰੀ ਵੀ ਹੈ ਕਿ ਉਹ ਆਪਣੇ-ਆਪ ਨੂੰ ਸਭ ਤੇ ਭਾਰੂ ਪੈਣ ਦਾ ਭਰਮ ਵੀ ਪਾਲੀ ਬੈਠਾ ਹੈ। ਸਾਡੇ ਸਮਾਜ ਵਿਚ ਔਰਤ ਅਤੇ ਆਦਮੀ ਤੋਂ ਇਲਾਵਾ ਕਿਸੇ ਤੀਜੀ ਧਿਰ ਦੀ ਕੋਈ ਅਹਿਮੀਅਤ ਹੀ ਨਹੀਂ। ਪਰ ਪ੍ਰਮਾਤਮਾ ਨੇ ਤੀਜਾ ਰੂਪ ਵੀ ਪੈਦਾ ਕੀਤਾ ਹੈ ਜਿੰਨਾ ਲਈ ਅਸੀਂ ਕੁਝ ਘ੍ਰਿਣਤ ਨਾਂ(ਹਿਜੜਾ, ਛੱਕਾ ਆਦਿ) ਸਿਰਜ ਲਏ ਹਨ। ਅੰਗਰੇਜੀ ਵਿਚ ਇਹਨਾਂ ਨੂੰ ਟਰਾਂਸਜੈਂਡਰ ਕਹਿੰਦੇ ਹਨ।
ਪ੍ਰਸਿੱਧ ਪੰਜਾਬੀ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਸਰੋਤਿਆਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਹੋਏ ਦੱਸਿਆ ਕਿ ਇਸ ਤੀਜੀ ਸ਼੍ਰੇਣੀ ਲਈ ਅੰਗਰੇਜੀ, ਹਿੰਦੀ, ਸ਼ਾਹਮੁਖੀ ਵਿਚ ਕਈ ਕਿਤਾਬਾਂ ਉਪਲੱਬਧ ਹਨ। ਪੰਜਾਬੀ ਵਿਚ ਵੀ ਕੁਝ ਕਿਤਾਬਾਂ ਮਿਲਦੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਲਈ ਸਤਿਕਾਰ ਯੋਗ ਸ਼ਬਦ ‘ਮਹਾਰਾਜ’ ਵੀ ਵਰਤਿਆ ਜਾਂਦਾ ਹੈ ਅਤੇ ਅੰਗਰੇਜੀ ਰਾਜ ਸਮੇਂ ਇਹਨਾਂ ਨੂੰ ਫੌਜ ਵਿਚ ‘ਸੈਨਾਪਤੀ’ ਕਰਕੇ ਜਾਣਿਆ ਜਾਂਦਾ ਸੀ। ਉਹਨਾਂ ਇਹ ਵੀ ਦੱਸਿਆ ਕਿ ਭਾਰਤ ਦੇ ਉਲਟ ਪਾਕਿਸਤਾਨ ਵਿਚ ਇਹਨਾਂ ਨੂੰ ‘ਰੱਬੀਦਾਤ’ ਤਸੱਬਰ ਕੀਤਾ ਜਾਂਦਾ ਹੈ। ਸ਼ਾਹਮੁਖੀ ਵਿਚ ਲਿਖੀਆਂ ਦੋ ਕਿਤਾਬਾਂ ‘ਤੀਸਰੀ ਜਿਨਸ’ ੳਤੇ ‘ਦੋਮੇਲੇ’ ਬਹੁਤ ਹੀ ਮਿਹਨਤ ਅਤੇ ਖੋਜ ਤੋਂ ਬਾਅਦ ਲਿਖੀਆਂ ਪੁਸਤਕਾਂ ਹਨ। ਹਿਮਾਨੀ ਠਾਕੁਰ ਨੇ ‘ਤੀਸਰੀ ਜਿਨਸ’ ਪੁਸਤਕ ਦਾ ਅੰਗਰੇਜੀ ਰੂਪ ‘ਜੈਂਡਰ ਸਟੱਡੀਜ਼’ ਪੇਸ਼ ਕੀਤਾ ਹੈ। ਹਿਮਾਨੀ ਆਪਣੀ ਛੋਟੀ ਉਮਰ ਦੇ ਬਾਵਜੂਦ ਸਮਾਜ ਸੇਵਕ ਦੇ ਰੂਪ ਵਿਚ ਵੀ ਯਤਨਸ਼ੀਲ ਹੈ। ਉਸ ਨੇ ਅੰਗਰੇਜੀ, ਸੋਸ਼ਿਆਲੋਜੀ ਅਤੇ ਐਜੂਕੇਸ਼ਨ ਦੇ ਖੇਤਰ ਵਿਚ ਐਮ ਏ ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਇਸ ਤੋਂ ਇਲਾਵਾ ਬੀ ਐਡ ਅਤੇ ਐਲ ਐਲ ਬੀ ਕੀਤੀ ਹੋਈ ਹੈ। ਅੰਗਰੇਜੀ ਦੀ ਐਮ ਫਿਲ ਵੀ ਹੈ। ਅੱਜ ਕੱਲ੍ਹ ਉਹ ਭਾਈ ਗੁਰਦਾਸ ਕਾਲਜ ਆਫ ਲਾਅ, ਸੰਗਰੂਰ ਵਿਖੇ ਪ੍ਰੋਫੈਸਰ ਹੈ।