ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਰੱਦ ਕਰ ਦਿੱਤਾ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜਿਨ੍ਹਾਂ ਨੇ ਕੱਲ੍ਹ ਤੇ ਅੱਜ ਜ਼ਿਲ੍ਹਾ ਪ੍ਰਧਾਨਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਕਿਹਾ ਕਿ ਪਾਰਟੀ ਅਤੇ ਇਸ ਦੀ ਭਲਾਈ ਉਹਨਾਂ ਲਈ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਵੱਲੋਂ ਪਾਰਟੀ ਦੇ ਬਿਹਤਰ ਹਿੱਤਾਂ ਲਈ ਕੰਮ ਕੀਤਾ। ਮੈਂ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਾ ਹਾਂ ਤੇ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ।
ਪਾਰਟੀ ਲੀਡਰਸ਼ਿਪ ਨੇ ਉਹਨਾਂ ਦੀ ਇਸ ਪੇਸ਼ਕਸ਼ ਨੂੰ ਸਿੱਧੇ ਤੌਰ ’ਤੇ ਰੱਦ ਕਰ ਦਿੱਤਾ ਤੇ ਕਈ ਜ਼ਿਲ੍ਹਾ ਪ੍ਰਧਾਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਜ਼ੋਰਦਾਰ ਚੋਣ ਮੁਹਿੰਮ ਦੀ ਗੱਲ ਵੀ ਰੱਖੀ। ਇਸ ਮੌਕੇ ਇਕ ਰਸਮੀ ਮਤਾ ਸਰਬਸੰਮਤੀ ਨਾਲ ਪਾਸ ਕਰ ਕੇ ਸੁਖਬੀਰ ਬਾਦਲ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਪ੍ਰਗਟਾਇਆ ਗਿਆ।