ਚੰਡੀਗੜ (ਪ੍ਰੀਤਮ ਲੁਧਿਆਣਵੀ)- ਤੂੰਬੀ ਤੇ ਦੁਗਾਣਿਆਂ ਦੇ ਬਾਦਸ਼ਾਹ ਬਾਬਾ ਬੋਹੜ ਉਸਤਾਦ ਸਵ: ਕਰਤਾਰ ਸਿੰਘ ਰਮਲਾ ਜੀ ਦੀ ਦੂਸਰੀ ਬਰਸੀ 18-3-2022 ਦੇ ਅਵਸਰ ’ਤੇ ਉਨਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਫਰੀਦਕੋਟ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਬੋਲਦਿਆਂ ਨਿਰਮਾਤਾ ਨਿਰਦੇਸ਼ਕ ਸ: ਜਸਵਿੰਦਰ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸਵ: ਸ਼੍ਰੀ ਕਰਤਾਰ ਸਿੰਘ ਰਮਲਾ ਜੀ ਬਹੁਤ ਉਘੇ ਗਾਇਕ ਸਨ। ਉਹਨਾਂ ਦੇ ਸ਼ਗਿਰਦ ਪਰਗਟ ਭੁੱਲਰ ਨੇ ਉਹਨਾਂ ਦੇ ਸੁਪਰ ਹਿੱਟ ਗੀਤਾਂ ਵਿੱਚੋਂ ਉਹਨਾਂ ਦੀਆਂ ਸਾਥਣ ਕਲਾਕਾਰਾਂ ਨਾਲ ਗਾ ਕੇ ਉਹਨਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੀਆਂ ਮਿੱਠੀਆਂ ਤੇ ਅਭੁੱਲ ਯਾਦਾਂ ਨੂੰ ਤਾਜ਼ਾ ਕੀਤਾ। ਵੀਡੀਉ ਡਾਇਰੈਕਟਰ ਸ: ਹਰਪਰੀਤ ਸਿੰਘ ਵਾਲੀਆ ਜੀ ਨੇ ਇਸ ਸਾਰੇ ਪਰੋਗਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡਇਰੈਕਟ ਕੀਤਾ। ਇਸ ਪ੍ਰੋਜੈਕਟ ਵਿਚ ਵੱਡਾ ਸਹਿਯੋਗ ਸ: ਚੰਦ ਸਿੰਘ ਧਾਲੀਵਾਲ ਤੇ ਉਘੇ ਗੀਤਕਾਰ ਸ: ਸੁਰਿੰਦਰ ਸਿੰਘ ਸ਼ੇਰ ਗਿੱਲ (ਯੂ. ਐਸ. ਏ.) ਵਾਲਿਆਂ ਨੇ ਦਿੱਤਾ। ਉਸਤਾਦ ਸ਼੍ਰੀ ਕਰਤਾਰ ਸਿੰਘ ਰਮਲਾ ਜੀ ਦੇ ਆਖਰੀ ਸਮੇਂ ਵਿੱਚ ਜਿਨਾਂ ਨੇ ਸੇਵਾ ਕੀਤੀ ਤੇ ਆਪਣਾ ਪੂਰਾ ਸਾਥ ਦਿੱਤਾ ਉਹਨਾਂ ਵਿਚੋਂ ਉਨਾਂ ਦੀ ਸ਼ਗਿਰਦ ਨਵਜੋਤ ਰਾਣੀ ਦਾ ਕਹਿਣਾ ਹੈ ਕਿ ਮੇਰੇ ਤੋਂ ਪਹਿਲਾਂ ਉਸਤਾਦ ਸ੍ਰੀ ਕਰਤਾਰ ਸਿੰਘ ਰਮਲਾ ਜੀ ਦੇ ਸ਼ਗਿਰਦ ਪਰਗਟ ਭੁੱਲਰ ਸਨ। ਉਹਨਾਂ ਦੇ ਹੋਣਹਾਰ ਅਨੇਕਾਂ ਸ਼ਗਿਰਦਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸ਼ਗਿਰਦ ਹੈ। ਚਾਹੇ ਮੈਂ ਉਹਨਾਂ ਦੀ ਉਮਰ ਵਿੱਚੋਂ ਵੱਡੀ ਹਾਂ ਪਰ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਮੇਰਾ ਗੁਰਭਾਈ, ਮੇਰਾ ਛੋਟਾ ਵੀਰ ਗਾਇਕੀ ਦੇ ਖੇਤਰ ਵਿੱਚ ਵੱਡਾ ਹੈ, ਜਿਹੜਾ ਕਿ ਉਸਤਾਦ ਸ਼੍ਰੀ ਕਰਤਾਰ ਰਮਲਾ ਜੀ ਦੀ ਤੂੰਬੀ ਅਤੇ ਉਹਨਾਂ ਦੀ ਗਾਇਕੀ ਨੂੰ ਆਪਣੇ ਗਲੇ ਵਿੱਚ ਗ੍ਰਹਿ ਕਰ ਚੁੱਕਾ ਹੈ। ਇਸ ਇੰਟਰਵਿਊ ਦੇ ਵਿੱਚ ਪਰਗਟ ਭੁੱਲਰ, ਨਵਜੋਤ ਰਾਣੀ, ਕੁਲਦੀਪ ਕੌਰ, ਮਨਜੀਤ ਕੌਰ ਮਾਨ, ਸੁੱਖਵੰਤ ਕੌਰ ਸੁੱਖੀ ਤੇ ਬਲਜੀਤ ਕਮਲ ਨੇ ਹਾਜ਼ਰੀ ਲਗਵਾਈ। ਪਰਗਟ ਭੁੱਲਰ ਜੀ ਦੇ ਗੱਲਾਂ ਅਤੇ ਗੀਤਾਂ ਨੂੰ ਗੁਣਗਾਵਾਂ ਯੂ-ਟਿਊਬ ਚੈਨਲ ਫਿਦਾ ਚੈਨਲ 331 ਤੇ ਵੇਖਿਆ ਜਾ ਸਕਦਾ ਹੈ।