ਚੰਡੀਗੜ (ਪ੍ਰੀਤਮ ਲੁਧਿਆਣਵੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਹੋਲੀ ਦਾ ਤਿਉਹਾਰ ਬੜੇ ਚਾਅ ਮਲਾਰ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰ . ਪਰਮਜੀਤ ਕੌਰ ਜੱਸਲ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਵਿੱਚ ਕਵਿਤਾ ਪਾਠ, ਗੀਤ ਗਾਇਨ ਅਤੇ ਡਾਂਸ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇੱਥੇ ਜ਼ਿਕਰਯੋਗ ਹੈ ਕਿ ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਪ੍ਰਿੰ . ਪ੍ਰੇਮ ਕੁਮਾਰ ਸ਼ਾਮਲ ਹੋਏ। ਉਨਾਂ ਇਹ ਯਕੀਨ ਦਿਵਾਉਦਿਆਂ ਕਿਹਾ, ‘‘ਇਹ ਕਾਲਜ ਇਲਾਕੇ ਦਾ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਸਮਾਰਟ ਕਾਲਜ ਬਣਕੇ ਰਹੇਗਾ। ਸਾਡੀ ਸਰਕਾਰ ਆਪਣੇ ਵਾਅਦਿਆਂ ਨੂੰ ਨਿਭਾਏਗੀ ਅਤੇ ਮੈਨੂੰ ਮਾਣ ਹੈ ਕਿ ਇੱਥੋਂ ਪੜਕੇ ਬੱਚੇ ਵੱਡੇ ਅਹੁੱਦਿਆਂ ’ਤੇ ਪਹੁੰਚਦੇ ਹਨ।’’ ਇਸ ਮੌਕੇ ’ਤੇ ਤੀਰਥ ਸਿੰਘ ਜੌਹਲ, ਅਜੈਬ ਸਿੰਘ ਜੌਹਲ, ਜੱਥੇਦਾਰ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ, ਜੱਥੇਦਾਰ ਮੱਖਣ ਸਿੰਘ, ਗੁਰਦੁਆਰਾ ਪ੍ਰਧਾਨ ਅਮਰਜੀਤ ਸਿੰਘ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ ਅਤੇ ਕਾਲਜ ਦਾ ਮਾਣ ਵਧਾਇਆ।
ਇਸ ਮੌਕੇ ਜੱਥੇਦਾਰ ਕੁਲਵਿੰਦਰ ਸਿੰਘ ਹੁਰਾਂ ਮਾਂ-ਬੋਲੀ ਨੂੰ ਸਤਿਕਾਰ ਦੇਣ ਅਤੇ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦਾ ਵਚਨ ਬੱਚਿਆਂ ਤੋਂ ਲਿਆ। ਇਸੇ ਤਰਾਂ ਪ੍ਰਿੰ . ਡਾ. ਪਰਮਜੀਤ ਕੌਰ ਜੱਸਲ ਹੁਰਾਂ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ ਜੋ ਕਿ ਭਾਈਚਾਰਕ ਸਾਂਝ ਦੇ ਰੰਗ ਚੜਨ ਦਾ ਸੁਨੇਹਾ ਦਿੰਦਾ ਹੈ। ਇਸ ਪ੍ਰੋਗਰਾਮ ਨੂੰ ਰੱਜੀ, ਯੁਵਰਾਜ, ਗੁਰਲੀਨ, ਪ੍ਰਭਜੋਤ, ਬਬਲੀ, ਗੌਰੀ, ਜਸਮੀਨ, ਗੁਰਪ੍ਰੀਤ, ਸਤਵੀਰ, ਗੁਰਜੋਤ, ਨਵਦੀਪ, ਰੌਬਿਨ, ਜਸਕਰਨ, ਸ਼ਗੁਨ, ਸੌਰਵ,ਅੰਮਿਰਤਪਾਲ ਆਦਿ ਵਿਦਿਆਰਥੀਆਂ ਨੇ ਚਾਰ ਚੰਨ ਲਾਏ। ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਪਰਮਜੀਤ ਕੌਰ ਅਤੇ ਪ੍ਰੋ. ਜਸਵੀਰ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਸਮੇਂ ਕਾਲਜ ਦਾ ਸਮੂਹ ਸਟਾਫ਼ ਵੀ ਮੌਜੂਦ ਰਿਹਾ।