ਮਾਸਕੋ- ਯੂਕਰੇਨ-ਰੂਸ ਜੰਗ ਵਿੱਚ ਪੁਤਿਨ ਨੂੰ ਪਾਗਲ ਕਹਿਣ ਵਾਲੀ ਰੂਸੀ ਮਾਡਲ ਗੇ੍ਰਟ ਵੇਲਡਰ ਦੀ ਲਾਸ਼ ਸੂਟਕੇਸ ਵਿੱਚੋਂ ਮਿਲੀ ਹੈ। ਵੇਲਡਰ ਪੁਤਿਨ ਖ਼ਿਲਾਫ਼ ਪੋਸਟ ਲਿਖਣ ਤੋਂ ਬਾਅਦ ਲਾਪਤਾ ਸੀ। ਵੇਲਡਰ ਦੇ ਕਤਲ ਦੀ ਜ਼ਿੰਮੇਵਾਰੀ ਉਸ ਦੇ ਸਾਬਕਾ ਪ੍ਰੇਮੀ ਨੇ ਲਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਿਪੋਰਟ ਮੁਤਾਬਕ 23 ਸਾਲ ਦੀ ਰੂਸੀ ਮਾਡਲ ਨੇ ਜਨਵਰੀ 2021 ਵਿੱਚ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ, ਜਿਸ ਵਿਚ ਉਸ ਨੇ ਪੁਤਿਨ ਨੂੰ ਮਨੋਰੋਗੀ ਤੇ ਇੱਛਾਵਾਦੀ ਕਿਹਾ ਸੀ। ਇਸ ਤੋਂ ਬਾਅਦ ਤੋਂ ਉਹ ਗਾਇਬ ਸੀ। ਪਿਛਲੇ ਦਿਨੀਂ ਲਿਪੇਤਸਕ ਇਲਾਕੇ ਵਿੱਚੋਂ ਉਸ ਦੀ ਲਾਸ਼ ਮਿਲੀ ਸੀ। ਕਤਲ ਕਦੋਂ ਤੇ ਕਿਵੇਂ ਹੋਇਆ, ਇਸ ਦੀ ਜਾਂਚ ਚੱਲ ਰਹੀ ਹੈ। ਵੇਲਡਰ ਨੇ ਆਪਣੀ ਫ਼ੇਸਬੁੱਕ ਪੋਸਟ ਉੱਤੇ ਲਿਖਿਆ ਸੀ ਕਿ ਪੁਤਿਨ ਵਰਗੇ ਲੋਕ ਬਚਪਨ ਤੋਂ ਹੀ ਡਰਪੋਕ ਹੁੰਦੇ ਹਨ। ਸ਼ੋਰ ਤੇ ਹਨ੍ਹੇਰੇ ਤੋਂ ਡਰਦੇ ਹਨ। ਰੂਸ ਨੂੰ ਅਖੰਡਤਾ ਦਾ ਜੋ ਭੂਤ ਸਵਾਰ ਹੈ, ਉਸ ਦੇ ਬਦਲੇ ਹੰਝੂ ਮਿਲਣਗੇ। ਵੇਲਡਰ ਦੀ ਹੱਤਿਆ ਤੋਂ ਬਾਅਦ ਪੁਲਸ ਨੇ ਸ਼ੱਕ ਦੇ ਆਧਾਰ ਉੱਤੇ ਉਸ ਦੇ ਸਾਬਕਾ ਪ੍ਰੇਮੀ ਦਿਮਿਤਰੀ ਕੋਰੋਵਿਨ ਨੂੰ ਗ਼੍ਰਿਫ਼ਤਾਰ ਕੀਤਾ।