ਅੰਤਰਰਾਸ਼ਟਰੀ ਮਹਿਲਾ ਦਿਵਸ 2022 ਇਸ ਵਾਰ ‘ਬ੍ਰੇਕ ਦਿ ਬਿਆਸ’ ਥੀਮ ਨੂੰ ਲੈ ਕੇ ਮਨਾਇਆ ਗਿਆ ਜਿਸ ਦਾ ਸੰਦੇਸ਼ ਹੈਸ਼ਟੈਗ ਲਿੰਗ ਸਮਾਨਤਾ ਮੁਹਿੰਮ ਨੂੰ ਚਲਾਉਣਾ ਹੈ। ਇਕ ਅਜਿਹੀ ਦੁਨੀਆ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਅਤੇ ਪੱਖਪਾਤ ਨਾ ਹੋਵੇ। ਸਾਰੀ ਦੁਨੀਆਂ ਵਿਚ ਮਹਿਲਾਵਾਂ ਨੂੰ ਸਮਾਨਤਾ ਦੀ ਨਜ਼ਰ ਨਾਲ ਵੇਖਿਆ ਜਾਵੇ। ਬਿਆਸ ਸ਼ਬਦ ਦਾ ਅਰਥ ਹੈ ਕਿਸੇ ਵਿਚਾਰ ਦੇ ਵਿਰੁੱਧ ਹੋਣਾ ਜੋ ਗਲਤ ਤਰੀਕੇ ਨਾਲ ਪ੍ਰਗਟ ਕੀਤੇ ਜਾਂਦੇ ਹਨ। ਇਕ ਆਮ ਪੱਖਪਾਤ ਇਹ ਹੈ ਕਿ ਸੰਸਾਰ ਵਿਚ ਬਹੁਗਿਣਤੀ ਔਰਤਾਂ ਹੋਣ ਦੇ ਬਾਵਜੂਦ ਕਮਜ਼ੋਰ ਹਨ। ਅੱਜ ਸਮਾਜ ਬਰਾਬਰੀ ਦੀ ਗੱਲ ਤਾਂ ਕਰਦਾ ਹੈ ਪਰ ਅਸਲ ਮਾਈਨੇ ਵਿਚ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਇਕ ਕੰਸਟੱਰਕਸ਼ਨ ਕੰਪਨੀ ਵਿਚ ਇਕ ਔਰਤ ਨੂੰ ਮੈਨੇਜਰ ਦੀ ਨੌਕਰੀ ’ਤੇ ਨਹੀਂ ਰੱਖਿਆ ਜਾ ਰਿਹਾ ਭਾਵੇਂ ਔਰਤ ਕੋਲ ਯੋਗਤਾ ਹੈ ਪਰ ਸਮਾਜਿਕ ਦ੍ਰਿਸ਼ਟੀ ਵਿਚ ਉਸ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਹੈ। ਇਹ ਸਾਡੇ ਸਮਾਜ ਵਿਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਦੀ ਸਿਰਫ ਇਕ ਉਦਾਹਰਣ ਹੈ ਪਰ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਪਹਿਲੂਆਂ ਵਿਚ ਬਹੁਤ ਸਾਰੇ ਹੋਰ ਅਜਿਹੇ ਪੜਾਅ ਹਨ ਜਿੱਥੇ ਔਰਤਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਕਿਸੇ ਨੂੰ ਇਸ ਲੈਂਗਿਕ ਅਸਮਾਨਤਾ ਦੀ ਲੜਾਈ ਦਾ ਹਿੱਸਾ ਬਣਨ ਦੀ ਯਾਦ ਦਿਵਾਉਂਦਾ ਹੈ।
ਮਹਿਲਾ ਦਿਵਸ ਮਨਾਉਣ ਦਾ ਉਦੇਸ਼ ਸਾਡੇ ਆਲੇ ਦੁਆਲੇ ਦੀਆਂ ਔਰਤਾਂ ਨੂੰ ਮਜ਼ਬੂਤ ਕਰਨਾ ਹੈ ਇਸ ਦਿਨ ਅਸੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ। ਇਹ ਦਿਨ ਕੋਈ ਅਜਿਹਾ ਦਿਨ ਨਹੀਂ ਜਿਸ ਵਿਚ ਸਿਰਫ ਔਰਤਾਂ ਹੀ ਹਿੱਸਾ ਲੈ ਸਕਦੀਆਂ ਹਨ। ਔਰਤਾਂ ਦੀ ਸਮਾਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਪੱਖਪਾਤ ਨੂੰ ਤੋੜਨ ਲਈ ਹਰ ਕਿਸੇ ਨੂੰ ਯੋਗਦਾਨ ਪਾਉਣ ਦੀ ਲੋੜ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ
ਅੰਤਰਰਾਸ਼ਟਰੀ ਮਹਿਲਾ ਦਿਵਸ ਸਭ ਤੋਂ ਪਹਿਲਾਂ ਆਸਟਰੀਆ, ਡੈਨਮਾਰਕ ਅਤੇ ਜਰਮਨੀ ਵਿਚ ਮਨਾਇਆ ਗਿਆ ਸੀ। ਸਵਿਟਜ਼ਰਲੈਂਡ ਵਿਚ 19 ਮਾਰਚ 1911 ਨੂੰ 10 ਲੱਖ ਤੋਂ ਵੱਧ ਔਰਤਾਂ ਅਤੇ ਮਰਦ ਰੈਲੀਆਂ ਵਿਚ ਸ਼ਾਮਲ ਹੋਏ ਅਤੇ ਔਰਤਾਂ ਦੇ ਕੰਮ ਕਰਨ, ਸਿਆਸਤ ਵਿਚ ਹਿੱਸਾ ਲੈਣ ਅਤੇ ਵਿਤਕਰੇ ਨੂੰ ਖਤਮ ਕਰਨ ਦੇ ਅਧਿਕਾਰਾਂ ਲਈ ਲੜੇ। ਕੁਝ ਸਾਲ ਬਾਅਦ 1913-1914 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ।