ਸਾਰੀ ਕਮਾਈ ਯੁਕ੍ਰੇਨ ਦੀ ਮਦਦ ਲਈ ਕੀਤੀ ਜਾਵੇਗੀ ਦਾਨ
ਕੈਲਗਰੀ (ਦੇਸ ਪੰਜਾਬ ਟਾਈਮਜ਼)- ਰਸ਼ੀਆ ਵੱਲੋਂ ਯੁਕ੍ਰੇਨ ’ਤੇ ਹਮਲੇ ਤੋਂ ਬਾਅਦ ਸਾਰੀ ਦੁਨੀਆਂ ਵਿਚ ਰੂਸ ਦੇ ਪ੍ਰਤੀ ਜਿੱਥੇ ਗੁੱਸਾ ਹੈ ਉਥੇ ਯੁਕ੍ਰੇਨ ਅਤੇ ਇਸ ਦੇ ਲੋਕਾਂ ਦੇ ਪ੍ਰਤੀ ਓਨੀ ਹੀ ਜ਼ਿਆਦਾ ਹਮਦਰਦੀ ਪਾਈ ਜਾ ਰਹੀ ਹੈ। ਸਾਰੀ ਦੁਨੀਆਂ ਵਿਚ ਲੋਕ ਆਪਣੇ ਆਪਣੇ ਤਰੀਕੇ ਨਾਲ ਯੁਕ੍ਰੇਨ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਅਜਿਹੀ ਹੀ ਮਿਸਾਲ ਕੈਲਗਰੀ ਵਿਚ ਦੇਖਣ ਨੂੰ ਮਿਲੀ ਹੈ। ਕਰੋਨਾ ਕਾਲ ਦੇ ਦੌਰਾਨ ਪਿਛਲੇ 2 ਸਾਲ ਮੁਸ਼ਕਿਲ ਦੌਰ ਵਿਚੋਂ ਲੰਘਣ ਵਾਲੀ ਕੈਲਗਰੀ ਦੀ ਟਾਈਬੇਟ ਕਿਚਨ ਨੇ ਬਹੁਤ ਨੁਕਸਾਨ ਝੱਲਿਆ ਹੈ। ਜਦੋਂ ਇਸ ਰੈਸਟੋਰੈਂਟ ਦੇ ਮਾਲਕ ਤਾਨਜਿਨ ਨੂੰ ਯੁਕ੍ਰੇਨ ਦੇ ਹਾਲਾਤਾਂ ਬਾਰੇ ਪਤਾ ਚੱਲਿਆ ਤਾਂ ਇਸ ਨੇ ਹਗਜ਼ ਹੈਲਪਿੰਗ ਯੁਕ੍ਰੇਨ ਗ੍ਰਾਸਰੂਟ ਸੰਸਥਾ ਨੂੰ ਸਪੋਰਟ ਦੇ ਲਈ 13 ਮਾਰਚ ਨੂੰ ਦੁਪਹਿਰ 12 ਵਜੇ ਤੋਂ 9 ਵਜੇ ਤੱਕ ਬਫੇ ਲਗਾਇਆ ਹੈ। ਬਫੇ ਦੀ ਕੀਮਤ ਸਿਰਫ 25 ਡਾਲਰ ਹੈ ਅਤੇ ਜਿਨ੍ਹਾਂ ਮਰਜ਼ੀ ਫੂਡ ਖਾ ਸਕਦੇ ਹੋ। 13 ਮਾਰਚ ਦੀ ਸਾਰੀ ਕਮਾਈ ਇਹ ਯੁਕ੍ਰੇਨ ਦੀ ਮਦਦ ਦੇ ਲਈ ਇਸ ਸੰਸਥਾ ਨੂੰ ਦੇ ਰਹੇ ਹਨ।
ਜਦੋਂ ਦੇਸ ਪੰਜਾਬ ਟਾਈਮਜ਼ ਦੇ ਰਿਪੋਰਟਰ ਨੇ ਤਾਨਜਿਨ ਨੂੰ ਪੁੱਛਿਆ ਕਿ ਤੁਸੀਂ ਪਿਛਲੇ 2 ਸਾਲ ਕਰੋਨਾ ਮਹਾਮਾਰੀ ਦੇ ਦੌਰਾਨ ਕਾਫੀ ਮੁਸ਼ਕਿਲ ਦੌਰ ਦਾ ਸਾਹਮਣਾ ਕੀਤਾ ਹੈ ਅਤੇ ਤੁਹਾਨੂੰ ਕਾਫੀ ਨੁਕਸਾਨ ਵੀ ਹੋਇਆ ਹੈ ਤਾਂ ਅਜਿਹੇ ਹਾਲਾਤ ਵਿਚ ਮਦਦ ਕਰਨ ਦਾ ਜਜ਼ਬਾ ਕਿਸ ਤਰ੍ਹਾਂ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂ ਦਲਾਈਲਾਮਾ ਨੇ ਇਹੀ ਸਿਖਾਇਆ ਹੈ ਕਿ ਦੂਜਿਆਂ ਦੀ ਮਦਦ ਕਰੋ ਅਤੇ ਮੁਸੀਬਤ ਵੇਲੇ ਉਨ੍ਹਾਂ ਨਾਲ ਖੜੇ ਹੋਵੋ। ਇਸ ਦੇ ਨਾਲ ਹੀ ਤਾਨਜਿਨ ਨੇ ਇਹ ਵੀ ਦੱਸਿਆ ਕਿ 13 ਸਾਲ ਪਹਿਲਾਂ ਤਿੱਬਤ ਵੀ ਇਸ ਮਾਹੌਲ ਵਿਚੋਂ ਨਿਕਲ ਚੁੱਕਾ ਹੈ। ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਕਿਸੇ ’ਤੇ ਅਜਿਹੀ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਵੇਲੇ ਲੋਕ ਮਦਦ ਦੀ ਆਸ ਵਿਚ ਦੂਜਿਆਂ ਵੱਲ ਵੇਖਦੇ ਹਨ। ਅਦਾਰਾ ‘ਦੇਸ ਪੰਜਾਬ ਟਾਈਮਜ਼’ ਸਭ ਨੂੰ ਅਪੀਲ ਕਰਦਾ ਹੈ ਕਿ ਯੁਕ੍ਰੇਨ ਦੀ ਮਦਦ ਵਾਸਤੇ ਇਸ ਰੈਸਟੋਰੈਂਟ ਵਿਚ 13 ਮਾਰਚ ਨੂੰ ਕੁਝ ਨਾ ਕੁਝ ਆਰਡਰ ਕਰੋ। ਰੈਸਟੋਰੈਂਟ ਦਾ ਮਾਹੌਲ ਇੰਨਾ ਵਧੀਆ ਹੈ ਕਿ ਤੁਸੀਂ ਪਰਿਵਾਰ ਸਮੇਤ ਉਥੇ ਬੈਠ ਕੇ ਵੀ ਖਾਣਾ ਖਾ ਸਕਦੇ ਹੋ। ਰੈਸਟੋਰੈਂਟ ਦਾ ਪਤਾ Tanzin, owner Tibet Kitchen,318, 10th street NW, Ph: 403 2708828ਹੈ।