ਸਮੂਹ ਪੰਥਕ ਪਾਰਟੀਆਂ ਦੀ ਵਿਚਾਰਕ ਸ਼ਮੂਲੀਅਤ ਲਈ ਜਾਗੋ ਪਾਰਟੀ ਨੇ ਕੀਤੀ ਪਹਿਲ
ਅਕਾਲੀ ਦਲ ਦੇ ਪਤਨ ਕਰਕੇ ਹੁਣ ਸਿੱਖਾਂ ਨੂੰ ਆਪਣਾ ‘ਨਾਟੋ’ ਬਣਾਉਣ ਦੀ ਲੋੜ : ਜੀਕੇ
ਨਵੀਂ ਦਿੱਲੀ- ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਸਣੇ 96 ਫੀਸਦੀ ਉਮੀਦਵਾਰਾਂ ਦੀ ਹੋਈ ਹਾਰ ਤੋਂ ਬਾਅਦ ਪੰਥਕ ਸਫਿਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਜਾਗੋ ਪਾਰਟੀ ਨੇ ਪੰਥਕ ਸਫਿਆਂ ਵਿੱਚ ਪਾਈ ਜਾ ਰਹੀਂ ਇਸ ਬੇਚੈਨੀ ਨੂੰ ਮਹਿਸੂਸ ਕਰਦਿਆਂ ਆਪਣੇ ਅਹੁਦੇਦਾਰਾਂ ਤੇ ਕਾਰਕੁੰਨਾ ਦੀ ਹੰਗਾਮੀ ਮੀਟਿੰਗ ਸੱਦ ਕੇ ਦਿੱਲੀ ਵਿੱਚ ਸਮੂਹ ਪੰਥਕ ਪਾਰਟੀਆਂ ਦੀ ‘ਪੰਥਕ ਫੇਡਰੇਸ਼ਨ’ ਬਨਾਉਣ ਦਾ ਐਲਾਨ ਕੀਤਾ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਾਦਲਾਂ ਕਰਕੇ ਅਕਾਲੀ ਦਲ ਦੀ ਹੋਈ ਦੁਰਗਤੀ ਬਾਰੇ ਬੋਲਦਿਆਂ ਕਿਹਾ ਕਿ ਸਾਡਾ ਬਾਦਲ ਨਾਲ ਕੋਈ ਲੇਨ ਦੇਨ ਨਹੀਂ ਹੈ, ਲੇਕਿਨ ਅਕਾਲੀ ਦਲ ਨਹੀਂ ਮਰਨ ਨਹੀਂ ਦੇਣਾ ਚਾਹੀਦਾ, ਸਾਡੀ ਇਹ ਸੋਚ ਹੈ। ਸਿੱਖ ਭਾਵਨਾਵਾਂ ਦੀ ਤਰਜਮਾਨੀ ਬਰਕਰਾਰ ਰੱਖਣ ਵਾਸਤੇ ਸਮੂਹ ਪੰਥਕ ਪਾਰਟੀਆਂ ਦੀ ਵਿਚਾਰਕ ਸ਼ਮੂਲੀਅਤ ਲਈ ਜਾਗੋ ਪਾਰਟੀ ਇਹ ਪਹਿਲ ਕਰਨ ਜਾ ਰਹੀ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਹਵਾਲਾ ਦਿੰਦੇ ਹੋਏ ਜੀਕੇ ਨੇ ਕਿਹਾ ਕਿ ਤਾਕਤਵਰ ਦੇਸ਼ ਰੂਸ ਨੂੰ ਯੂਕਰੇਨ ਦਾ ‘ਨਾਟੋ’ ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋਣਾ ਮੰਜੂਰ ਨਹੀਂ ਹੈ। ਕਿਉਂਕਿ ‘ਨਾਟੋ’ ਮੁਲਕਾਂ ਦੀ ਏਕਤਾ ਦੇ ਸਾਹਮਣੇ ਰੂਸ ਦਾ ਕਦ ਛੋਟਾ ਪੈ ਜਾਂਦਾ ਹੈ। ਇਸ ਲਈ ਸਾਨੂੰ ਵੀ ਸਿੱਖਾਂ ਦਾ ਅੱਜ ਆਪਣਾ ‘ਨਾਟੋ’ ਬਣਾਉਣ ਦੀ ਲੋੜ ਹੈਂ। ਕਿਉਂਕਿ ਦਿੱਲੀ ਵਿੱਚ ਅਕਾਲੀ ਦਲ ਦੇ ਨਾਂਮ ਉਤੇ 2021 ਵਿੱਚ ਦਿੱਲੀ ਕਮੇਟੀ ਚੋਣਾਂ ਵਿੱਚ ਵੋਟਾਂ ਮੰਗਣ ਵਾਲੀ ਲੀਡਰਸ਼ਿਪ ਹੁਣ ਆਪਣੀਆਂ ਪਤਨੀਆਂ ਨੂੰ ਕੌਂਸਲਰ ਦੀ ਟਿਕਟਾਂ ਦਿਵਾਉਣ ਲਈ ਭਾਜਪਾ ਦੀ ਝੋਲੀ ਚੁੱਕ ਬਣ ਗਈ ਹੈਂ। ਇਹ ਆਪਣੇ ਨਿੱਜੀ ਮੁਫਾਦਾਂ ਦੇ ਨਾਲ ਪੰਥ ਦੇ ਮਾਮਲੇ ਸਰਕਾਰਾਂ ਪਾਸੋਂ ਕਿਵੇਂ ਹਲ ਕਰਵਾ ਸਕਦੇ ਹਨ ?
ਜੀਕੇ ਨੇ ਮਾਸਟਰ ਤਾਰਾ ਸਿੰਘ ਵੱਲੋਂ ਜਥੇਦਾਰ ਸੰਤੋਖ ਸਿੰਘ ਦੇ ਨਾਲ ਰਲ ਕੇ ਦਿੱਲੀ ਵਿੱਚ 1950 ਵਿੱਚ ਅਕਾਲੀ ਜਥੇ ਦੀ ਕੀਤੀ ਗਈ ਕਾਇਮੀ ਨੂੰ ਚੇਤੇ ਕਰਦਿਆਂ ਕਿਹਾ ਕਿ ਅਸੀਂ ਸੁਪਨਾ ਨਹੀਂ ਲੈ ਸਕਦੇ, ਜਿਨ੍ਹਾਂ ਕੰਮ ਦਿੱਲੀ ਵਿੱਚ ਅਕਾਲੀ ਦਲ ਦੀ ਹੋਂਦ ਤੋਂ ਬਾਅਦ ਗੁਰਦੁਆਰਾ ਸਾਹਿਬਾਨਾਂ, ਸਕੂਲਾਂ, ਕਾਲਜਾਂ ਦੀ ਸਥਾਪਤੀ ਤੋਂ ਲੈਕੇ ਕੌਮੀ ਸੁਧਾਰਾਂ ਦਾ ਹੋਇਆ ਹੈ। ਪਰ ਅਕਾਲੀ ਦਲ ਦਾ ਇਸ ਤਰੀਕੇ ਨਾਲ ਹਾਸ਼ੀਏ ‘ਤੇ ਆਉਣਾ ਸਿੱਖ ਇਤਿਹਾਸ ਦਾ ਕਾਲਾ ਅਧਿਆਏ ਹੈ। ਅਸੀਂ ਸਾਰੇ ਅਕਾਲੀ ਹਾਂ, ਇਸ ਲਈ ਅਕਾਲੀ ਦਲ ਨੂੰ ਬਚਾਉਣ ਵਾਸਤੇ ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। ਇਸ ਲਈ ਮੈਂ ਦਿੱਲੀ ਵਿੱਚ ਸਾਰੀਆਂ ਪੰਥਕ ਪਾਰਟੀਆਂ ਨੂੰ ਇਕਜੁੱਟ ਕਰਕੇ ‘ਪੰਥਕ ਫੇਡਰੇਸ਼ਨ’ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮੈਂ ਖੁਦ ਚੱਲ ਕੇ ਉਨ੍ਹਾਂ ਸਾਰੇ ਪਾਰਟੀ ਪ੍ਰਧਾਨਾਂ ਕੋਲ਼ ਜਾਵਾਂਗਾ ਜਿਨ੍ਹਾਂ ਖਿਲਾਫ ਅਸੀਂ ਸ਼ਰੇਆਮ ਚੋਣਾਂ ਲੜਦੇ ਹਾਂ, ਤਾਂਕਿ ਅਸੀਂ ਵਿਚਾਰਧਾਰਕ ਪਰਿਪੇਖ ਨੂੰ ਲੈਕੇ ਪੰਥ ਨੂੰ ਦਿਸ਼ਾ ਤੇ ਦਸ਼ਾ ਲੈਣ ਲਈ ‘ਪੰਥਕ ਫੈਡਰੇਸ਼ਨ’ ਦੇ ਬੈਨਰ ਹੇਠ ਉਸਾਰੂ ਫੈਸਲੇ ਲੈਣ ਵਾਸਤੇ ਸਰਕਾਰਾਂ ਨੂੰ ਮਜ਼ਬੂਰ ਕਰ ਸਕੀਏ। ਜੀਕੇ ਨੇ ਫੇਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਬਾਦਲ ਦਲ ਦੇ ਵੱਡੇ ਆਗੂ ਅਵਤਾਰ ਸਿੰਘ ਹਿਤ, ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਰਵਾਹਾ, ਪੰਥਕ ਅਕਾਲੀ ਲਹਿਰ ਦੇ ਮੋਢੀ ਭਾਈ ਰਣਜੀਤ ਸਿੰਘ, ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਹੀ ਅਕਾਲੀ ਦਲ ਮਾਸਟਰ ਤਾਰਾ ਸਿੰਘ, ਅਕਾਲੀ ਦਲ ਅੰਮ੍ਰਿਤਸਰ, ਨੇਸ਼ਨਲ ਅਕਾਲੀ ਦਲ, ਆਮ ਅਕਾਲੀ ਦਲ, ਪੰਥਕ ਸੇਵਾ ਦਲ ਆਦਿਕ ਦੇ ਆਗੂਆਂ ਨੂੰ ਵੀ ਮਿਲਣ ਦਾ ਐਲਾਨ ਕੀਤਾ। ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਇਸ ਮੌਕੇ ਸਟੇਜ ਦੀ ਸੇਵਾ ਸੰਭਾਲਦੇ ਹੋਏ ਫੇਡਰੇਸ਼ਨ ਬਣਾਉਣ ਦੇ ਮਤੇ ਬਾਰੇ ਇਕੱਠ ਤੋਂ ਪ੍ਰਵਾਨਗੀ ਲਈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਮਹਿੰਦਰ ਸਿੰਘ, ਸਤਨਾਮ ਸਿੰਘ, ਜਾਗੋ ਪਾਰਟੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ, ਡਾਕਟਰ ਅਵਨੀਤ ਕੌਰ ਭਾਟੀਆ, ਪਰਮਜੀਤ ਸਿੰਘ ਮਕੜ, ਮੋਹਨ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ ਤੇ ਸਮਾਜਿਕ ਕਾਰਕੁੰਨ ਜਗਜੀਤ ਸਿੰਘ ਮੁਦੜ ਨੇ ਆਪਣੇ ਵਿਚਾਰ ਰੱਖੇ।