ਚੰਡੀਗੜ (ਪ੍ਰੀਤਮ ਲੁਧਿਆਣਵੀ), ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਸ਼ਾਇਰ ਸੂਫੀ ਰਾਣਾ ਬੂਲਪੁਰੀ ਦੀ ਪਲੇਠੀ ਪੁਸਤਕ ‘ਸਿਫ਼ਤ ਤੇਰੀ’ ਖਾਲਸਾ ਕਾਲਜ ਮੁਹਾਲੀ ਵਿਖੇ ਰਿਲੀਜ਼ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਸੈਸ਼ਨ ਜੱਜ ਸ੍ਰ. ਜੇ. ਐਸ ਖੁਸ਼ਦਿਲ ਜੀ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਖਾਲਸਾ ਕਾਲਜ ਵੱਲੋਂ ਡਾ: ਬਲਵੀਰ ਕੌਰ, ਰਾਮਗੜੀਆ ਸਭਾ ਚੰਡੀਗੜ ਦੇ ਮੀਤ ਪ੍ਰਧਾਨ ਅਮਰਜੀਤ ਖੁਰਲ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਤੇ ਕੇਂਦਰ ਦੇ ਪ੍ਰਧਾਨ ਸ੍ਰ. ਸੇਵੀ ਰਾਇਤ ਜੀ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਮਤੀ ਦਵਿੰਦਰ ਕੌਰ ਢਿੱਲੋਂ ਜੀ ਵੱਲੋਂ ਗਾਏ ਧਾਰਮਿਕ ਗੀਤ ਨਾਲ ਹੋਈ। ਇਸ ਮੌਕੇ ਪੁਸਤਕ ਬਾਰੇ ਗੱਲ ਕਰਦਿਆਂ ਸਤਬੀਰ ਕੌਰ ਨੇ ਕਿਹਾ, ‘‘ਪੁਸਤਕ ਵਿਚਲੀਆਂ ਕਵਿਤਾਵਾਂ ਬਹੁਤੀਆਂ ਧਾਰਮਿਕ ਹਨ। ਜਿਨਾਂ ਵਿਚ ਗੁਰੂ ਨਾਨਕ ਦੇਵ ਜੀ, ਪੀਰਾਂ ਫਕੀਰਾਂ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਬਾਰੇ ਵਧੀਆ ਸ਼ਰਧਾ ਨਾਲ ਗੁਣ ਗਾਇਨ ਕੀਤਾ ਗਿਆ ਹੈ। ਕੁਝ ਕਵਿਤਾਵਾਂ ਦੇਸ਼ ਪ੍ਰੇਮ, ਸਮਾਜਿਕ ਕਾਣੀ-ਵੰਡ, ਪੰਜਾਬੀ ਮਾਂ ਬੋਲੀ ਅਤੇ ਰੁਮਾਂਟਿਕ ਅੰਦਾਜ਼ ਵਾਲੀਆਂ ਵੀ ਹਨ।’’ ਉਪਰੰਤ ਦਵਿੰਦਰ ਕੌਰ ਢਿੱਲੋਂ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕਰਦਿਆਂ ਇਸਦੀ ਸਲਾਹਣਾ ਕੀਤੀ। ਮੁੱਖ ਮਹਿਮਾਨ ਸ੍ਰ. ਜੇ. ਐਸ. ਖੁਸ਼ਦਿਲ ਜੀ ਨੇ ਕਿਤਾਬ ਨੂੰ ਸਾਹਿਤ ਜਗਤ ਵਿਚ ‘ਜੀ ਆਇਆਂ’ ਕਹਿੰਦਿਆਂ ਲੇਖਕ ਨੂੰ ਵਧਾਈ ਦਿੱਤੀ। ਡਾ: ਬਲਵੀਰ ਕੌਰ, ਸੇਵੀ ਰਾਇਤ ਅਤੇ ਡਾ: ਪਤੰਗ ਜੀ ਨੇ ਵੀ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ।
ਸ੍ਰ. ਗੁਰਦਰਸ਼ਨ ਸਿੰਘ ਮਾਵੀ ਦੀ ਲਾ-ਜੁਵਾਬ ਸਟੇਜ-ਸੰਚਾਲਕੀ ਅਧੀਨ ਸੰਪਨ ਹੋਏ ਇਸ ਸਮਾਗਮ ਵਿਚ ਕਵੀ-ਦਰਬਾਰ ਦਾ ਦੌਰ ਵੀ ਚੱਲਿਆ। ਜਿਸ ਦੌਰਾਨ ਸਿਮਰਜੀਤ ਗਰੇਵਾਲ, ਬਲਵੰਤ ਸਿੰਘ ਮੁਸਾਫਿਰ, ਸੁਧਾ ਸੰਦੀਪ ਜੈਨ, ਮਨਜੀਤ ਕੌਰ ਮੋਹਾਲੀ, ਰਜਿੰਦਰ ਰੇਨੂ, ਜਸਪਾਲ ਸਿੰਘ ਦੇਸੂਮਾਜਰਾ, ਨਰਿੰਦਰ ਨਸਰੀਨ, ਨਵਨੀਤ ਕੌਰ ਮਠਾੜੂ, ਸਤਿਕਾਰ ਕੌਰ, ਕਰਮਜੀਤ ਬੱਗਾ, ਦਰਸ਼ਨ ਸਿੱਧੂ, ਅਜੀਤ ਸਿੰਘ ਸੰਧੂ ਅਤੇ ਆਰ. ਕੇ. ਭਗਤ ਨੇ ਸਮਾਜਿਕ ਸਰੋਕਾਰ ਦੀਆਂ ਕਵਿਤਾਵਾਂ ਸੁਣਾਈਆਂ। ਮਲਕੀਤ ਨਾਗਰਾ, ਬਾਬੂ ਰਾਮ ਦੀਵਾਨਾ, ਰਤਨ ਬਾਬਕਵਾਲਾ, ਸੱਤਪਾਲ ਲਖੋਤਰਾ, ਆਸ਼ਾ ਕਮਲ, ਮੋਹਨ ਲਾਲ ਭੁੰਮਕ, ਸਤਪਾਲ ਤੇ ਹਰਿੰਦਰ ਹਰ ਨੇ ਆਪੋ-ਆਪਣੇ ਲਿਖੇ ਗੀਤ ਸੁਣਾ ਕੇ ਬੱਲੇ ਬੱਲੇ ਕਰਵਾਈ। ਇਸ ਮੌਕੇ ਜੋਗਿੰਦਰ ਸਿੰਘ ਜੱਗਾ, ਅਮਰਜੀਤ ਧੀਮਾਨ, ਕਿਰਸ਼ਨ ਗੋਪਾਲ ਸ਼ਰਮਾ, ਹਰਮਿੰਦਰ ਕਾਲੜਾ, ਸੁਨੀਤਾ ਰਾਣੀ, ਦਰਸ਼ਨ ਤਿਓਣਾ, ਰਣਬੀਰ ਕੌਰ, ਪ੍ਰੀਤ ਮਾਨ, ਸੰਜੀਵ ਕੁਮਾਰ, ਮਨਮੀਤ ਕੌਰ, ਨਵਦੀਪ ਕੌਰ ਤੇ ਅਰਮਾਨ ਆਦਿ ਨੇ ਵੀ ਹਾਜ਼ਰੀਆਂ ਭਰ ਕੇ ਸਮਾਗਮ ਦੀ ਸ਼ੋਭਾ ਵਧਾਈ।