ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੋਕਾਂ ਦਾ ਚੰਗਾ ਫੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬੜਾ ਚੰਗਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਟੋਏ ਪੁੱਟੇ ਸਨ, ਉਹ ਖੁਦ ਡੂੰਘੇ ਜਾ ਡਿੱਗੇ ਹਨ। ਇਹ ਉਨ੍ਹਾਂ ਦੇ ਕਰਮਾਂ ਦਾ ਫਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਸਿਸਟਮ ਨੂੰ ਬਦਲ ਦਿੱਤਾ ਹੈ ਅਤੇ ਇਕ ਨਵੀਂ ਨੀਂਹ ਰੱਖੀ ਹੈ। ਉਨ੍ਹਾਂ ਕਿਹਾ ਕਿ ਲੋਕ ਕਦੇ ਗਲਤ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਫਤਵਾ ਸਿਰ ਮੱਥੇ ਹੈ। ਸਿੱਧੂ ਨੇ ਆਖਿਆ ਕਿ ਉਹ ਖੁਦ ਸਿਸਟਮ ਨੂੰ ਬਦਲਣਾ ਚਾਹੁੰਦੇ ਸਨ।
ਉਨ੍ਹਾਂ ਦੀ ਲੜਾਈ ਸਿਸਟਮ ਦੇ ਖ਼ਿਲਾਫ਼ ਸੀ। ਉਹ ਮਾਫੀਆ ਰਾਜ ਖਤਮ ਕਰਨਾ ਚਾਹੁੰਦੇ ਸਨ ਤੇ ਸੂਬੇ ਦੀ ਆਮਦਨ ਵਧਾਉਣਾ ਚਾਹੁੰਦੇ ਸਨ। ਉਹ ਕਾਂਗਰਸ ਦੇ ਅੰਦਰ ਰਹਿ ਕੇ ਇਨ੍ਹਾਂ ਮੁੱਦਿਆਂ ਲਈ ਲੜੇ ਹਨ। ‘ਆਪ’ ਨੂੰ ਮਿਲੇ ਵੱਡੇ ਹੁੰਗਾਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਹੀ ਹੁੰਗਾਰਾ ਲੋਕਾਂ ਨੇ 2017 ਵਿੱਚ ਕਾਂਗਰਸ ਨੂੰ ਦਿੱਤਾ ਸੀ ਪਰ ਕਾਂਗਰਸ ਇਸ ਦਾ ਲਾਭ ਨਹੀਂ ਲੈ ਸਕੀ।