ਜੰਡਿਆਲਾ ਗੁਰੂ ( ਸੋਨੂੰ ਮਿਗਲਾਨੀ ) :- ਇਕ ਪਾਸੇ ਜੰਡਿਆਲਾ ਗੁਰੂ ਹੱਥ ਨਾਲ਼ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਦੀਆ ਦੁਕਾਨਾਂ ਤੋਂ ਇਲਾਵਾ ਬਰਤਨ ਬਜਾਰ ਦੀਆ ਦੁਕਾਨਾਂ ਦਾ ਹਾਰ ਸ਼ਿੰਗਾਰ ਕੀਤਾ ਜਾ ਰਿਹਾ ਹੈ ਤਾਂ ਜੋ ਹੱਥ ਨਾਲ਼ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਫਾਇਦੇ ਮਿਲ ਸਕਣ। ਯੂਨੇਸਕੋ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਖਾਸ ਕਰਕੇ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਇਸ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਜੀ-20 ਸੰਮੇਲਨ ਦੇ ਮਹਿਮਾਨ ਵੀ ਹੱਥ ਨਾਲ਼ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਮਿਹਨਤ ਦੇਖਣ ਲਈ ਵਿਸ਼ੇਸ਼ ਤੌਰ ਤੇ ਆ ਰਹੇ ਹਨ। ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਐਸੋਸੀਏਸ਼ਨ ਨੇ ਪੱਤਰਕਾਰਾਂ ਨਾਲ਼ ਗੱਲਬਾਤ ਦੋਰਾਨ ਕਿਹਾ ਕਿ ਇਹ ਪਰਖ਼ ਦੀ ਘੜੀ ਹੈ ਕਿ ਬੀਤੇ ਕਲ੍ਹ ਪ੍ਰਸਿੱਧ ਤਾਂਬੇ ਦੀਆ ਦੇਗਾਂ ਅਤੇ ਹੋਰ ਬਰਤਨ ਤਿਆਰ ਕਰਨ ਵਾਲੇ ਕਾਰੀਗਰ ਦੀ ਅਚਾਨਕ ਮੌਤ ਨਾਲ਼ ਉਸਦਾ ਪਰਿਵਾਰ ਅਤੇ ਨਿੱਕੇ ਨਿੱਕੇ ਬੱਚੇ ਰੁਲ ਗਏ ਹਨ। ਕੀ ਹੁਣ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਸਿੱਧ ਮ੍ਰਿਤਕ ਕਾਰੀਗਰ ਨਰਿੰਦਰ ਸੂਰੀ ਦੇ ਪਰਿਵਾਰ ਬਾਰੇ ਕੁਝ ਸੋਚੇਗੀ ?? ਮਲਹੋਤਰਾ ਨੇ ਮੰਗ ਕੀਤੀ ਕਿ ਟੀ ਬੀ ਦੀ ਸ਼ਿਕਾਰ ਵਿਧਵਾ ਮਾਂ ਦੇ ਇਕ ਬਾਲਗ ਵਿਦਿਆਰਥੀ ਬੱਚੇ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ। ਸਮੁੱਚੀ ਹੱਥ ਨਾਲ਼ ਬਰਤਨ ਤਿਆਰ ਕਰਨ ਵਾਲੀ ਠਠਿਆਰ ਬਿਰਾਦਰੀ ਤੋਂ ਇਲਾਵਾ ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਕੋਲੋ ਪੁਰਜੋਰ ਮੰਗ ਹੈ ਕਿ ਕਿਰਪਾ ਕਰਕੇ ਇਸ ਵਿਸ਼ੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ।