ਸਕੱਤਰ ਰੈਡ ਕਰਾਸ ਸੁਸਾਇਟੀ ਨੇ ਸੌਂਪਿਆਂ ਪਰਿਵਾਰ ਨੂੰ ਮਾਲੀ ਮਦਦ ਦਾ ਚੈਕ, ਭਵਿੱਖ ‘ਚ ਵੀ ਸਹਾਇਤਾ ਕਰਨ ਦਾ ਦਿਵਾਇਆ ਭਰੋਸਾ
ਜਲੰਧਰ- ਅਧਰੰਗ ਤੋਂ ਬਾਅਦ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ 16 ਸਾਲਾ ਲੜਕੇ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਬੀਮਾਰ ਨੌਜਵਾਨ ਦੇ ਇਲਾਜ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਸਕੱਤਰ ਰੈੱਡ ਕਰਾਸ ਜਲੰਧਰ ਇੰਦਰਦੇਵ ਸਿੰਘ ਨੇ ਪਿੰਡ ਢੱਡਾ, ਫਿਲੌਰ ਵਿਖੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਸੁਸਾਇਟੀ ਜਲੰਧਰ ਵੱਲੋਂ 25-25 ਹਜ਼ਾਰ ਰੁਪਏ ਦੇ ਦੋ ਚੈੱਕ ਪੀੜਤ ਪਰਿਵਾਰ ਨੂੰ ਸੌਂਪੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਲੰਧਰ ਜ਼ਿਲ੍ਹੇ ਦੇ 16 ਸਾਲਾ ਲੜਕੇ ਮੋਹਿਤ ਨੂੰ 13 ਫਰਵਰੀ ਨੂੰ ਅਧਰੰਗ ਦਾ ਦੌਰਾ ਪੈਣ ਤੋਂ ਬਾਅਦ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਦੇ ਪਰਿਵਾਰ ਦੀ ਹਾਲਤ ਆਰਥਿਕ ਪੱਖੋਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਲਈ ਇਹ ਉਪਰਾਲਾ ਕੀਤਾ ਗਿਆ।
ਘਨਸ਼ਿਆਮ ਥੋਰੀ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਰਿਵਾਰ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਭਰੋਸਾ ਦਿਵਾਇਆ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦਾ ਆਰਥਿਕ ਬੋਝ ਨਾ ਝੱਲਣਾ ਪਵੇ।