ਸਿਹਤ ਵਿਭਾਗ ਨਹੀਂ ਲੈ ਰਿਹਾ ਸਾਰ ………
ਬਰੇਟਾ (ਰੀਤਵਾਲ) ਹਰਿਆਣਾ ਦੀ ਹੱਦ ਨਾਲ ਲਗਦੇ ਸਥਾਨਕ ਸ਼ਹਿਰ ‘ਚ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟੀ ਅਤੇ ਨਕਲੀ ਕਿਸਮ ਦੇ ਪਦਾਰਥਾਂ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਅਨੇਕਾਂ ਵਾਰ ਇਹ ਮਾਮਲਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਵੀ ਬਰਕਰਾਰ ਹੈ । ਵਪਾਰਕ ਸੂਤਰਾਂ ਦੇ ਅੰਦਰੂਨੀ ਭੇਂਦਾ ਤੋਂ ਇੱਕਠੀ ਕੀਤੀ ਗਈ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਇਸ ਇਲਾਕੇ ਵਿੱਚ ਲੰਮੇ ਸਮੇਂ ਤੋਂ ਨਕਲੀ ਕਿਸਮ, ਮਿਲਾਵਟੀ ਸਰੋਂ ਦਾ ਤੇਲ, ਘਿਓ , ਪਨੀਰ , ਨਕਲੀ ਮਿਠਾਈ, ਹਲਦੀ ਅਤੇ ਮਿਰਚ ਦੀ ਵੱਡੇ ਪੱਧਰ ਤੇ ਹੋ ਰਹੀ ਵਿਕਰੀ ਦੇ ਕਾਰਨ ਸ਼ਹਿਰ ‘ਚ ਦਿਨੋਂ ਦਿਨ ਵੱਧ ਰਹੀਆਂ ਗੰਭੀਰ ਬਿਮਾਰੀਆਂ ਵੀ ਆਪਣੇ ਜੋਬਨ ਉੱਤੇ ਹਨ ਤੇ ਇਸ ਮੰਡੀ ‘ਚ ਕਈ ਸੈਂਕੜੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਸਿਹਤ ਵਿਭਾਗ ਫਿਰ ਵੀ ਇਸ ਪ੍ਰਤੀ ਕੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਜੇਕਰ ਗੱਲ ਸੈਂਪਲ ਲਏ ਜਾਣ ਦੀ ਆਉਂਦੀ ਹੈ ਤਾਂ ਉਹ ਸੈਂਪਲ ਜਿਆਦਾਤਰ ਤਿਉਹਾਰਾਂ ਦੇ ਸਮੇਂ ਡਰਾਮਾ ਕਰਨ ਅਤੇ ਪਾਸ ਹੋਣ ਯੋਗ (ਛਿੱਕੇਬੰਦ) ਕੰਪਨੀਆਂ ਦੇ ਹੀ ਲਏ ਜਾਂਦੇ ਹਨ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਾ ਮਾਮਲਾ ਪਾਣੀ ਸਿਰ ਤੋਂ ਟੱਪ ਜਾਣ ਵਾਲੀ ਕਹਾਵਤ ਵਾਂਗ ਅਤੇ ਗੰਭੀਰ ਬਿਮਾਰੀਆਂ ‘ਚ ਅਥਾਂਹ ਵਾਧਾ ਹੋਣ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਸਮਾਜਸੇਵੀ ਲੋਕਾਂ ਦੀ ਸਰਕਾਰਾਂ ਤੋਂ ਮੰਗ ਹੈ ਕਿ ਖਾਨਪੂਰਤੀ ਦੀ ਬਜਾਏ ਅਜਿਹੇ ਮਾਮਲੇ ਦੀ ਸਹੀ ਬਣਦੀ ਕਾਰਵਾਈ ਕਰਕੇ ਅੱਖਾਂ ਚ ਧੂੜ ਪਾਉਣ ਵਾਲਿਆਂ ਦੀ ਸਾਰ ਲਈ ਜਾਵੇ ।