ਅੰਮ੍ਰਿਤਸਰ :- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਸੰਵਿਧਾਨ ਅਨੁਸਾਰ ਕਰਾਉਣ ਦੀ ਮੰਗ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਨਿੱਜੀ ਈ-ਮੇਲ ਵਿੱਚ ਕਿਹਾ ਕਿ ਮੈਂਬਰਸ਼ਿਪ ਦੇ ਫਾਰਮ ਵਿੱਚ ਮੈਂਬਰ ਬਣਨ ਸਮੇਂ ਹਰ ਮੈਂਬਰ ਕੋਲੋਂ ਲਿਖਤੀ ਰੂਪ ਵਿੱਚ ਇਕਰਾਰਨਾਮਾ ਲਿਆ ਜਾਂਦਾ ਹੈ , “ਮੈਂ ਅੰਮ੍ਰਿਤ ਛਕਿਆ ਹੋਇਆ ਹੈ। ਪੰਜ ਕਕਾਰਾਂ ਦੀ ਰਹਿਤ ਰੱਖਦਾ ਹਾਂ, ਅਤੇ ਨਿੱਤਨੇਮ ਕਰਦਾ ਹਾਂ ਅਤੇ ਚੌਹਾਂ ਕੁਰਹਿਤਾਂ ਵਿੱਚੋਂ ਮੇਰੇ ਵਿੱਚ ਕੋਈ ਨਹੀਂ ਹੈ ਅਤੇ ਮੈਂ ਹੋਰ ਸਰਬ ਪ੍ਰਕਾਰ ਕਰਕੇ ਖ਼ਾਲਸਾ ਧਰਮ ਨੂੰ ਧਾਰਨ ਕੀਤਾ ਹੋਇਆ ਹੈ ਅਤੇ ਇਕਰਾਰ ਕਰਦਾ ਹਾਂ ਕਿ ਅੱਜ ਤੋਂ ਸਭ ਸੰਸਕਾਰ ਗੁਰਮਤਿ ਅਨੁਸਾਰ ਕਰਾਂਗਾ ਅਤੇ ਮੰਨਦਾ ਹਾਂ ਕਿ ਚੀਫ਼ ਖ਼ਾਲਸਾ ਦੀਵਾਨ ਦੇ ਨਿਯਮਾਂ, ਕਾਨੂੰਨ ਅਤੇ ਕਾਇਦਿਆਂ ਨੂੰ ਹਰ ਇੱਕ ਸਮੇਂ ਕਬੂਲ ਕਰਦਾ ਰਹਾਂਗਾ ਅਤੇ ਚੀਫ਼ ਖ਼ਾਲਸਾ ਦੀਵਾਨ ਨੇ ਜੋ ਵਿੱਦਿਆ ਅਤੇ ਸ੍ਰੇਸ਼ਟਾਚਾਰ ਦੇ ਵਧਾਉਣ ਦਾ ਅਤਿ ਉੱਤਮ ਕਾਰਜ ਉਠਾਇਆ ਹੋਇਆ ਹੈ, ਉਸ ਵਿੱਚ ਟਹਿਲ ਕਰਾਂਗਾ ਅਤੇ ਬਿਨਾਂ ਪੱਖਪਾਤ, ਲਿਹਾਜ਼, ਮੁਲਾਹਜ਼ੇ ਦੇ ਅਤੇ ਧਰਮ ਅਤੇ ਪ੍ਰੀਤੀ ਭਾਵ ਨਾਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾ ਕੇ ਆਪਣੀ ਰਾਇ ਪੰਥ ਦੇ ਮਾਮਲਿਆਂ ਪੁਰ, ਜੋ ਇਸ ਦੀਵਾਨ ਵਿੱਚ ਵਿਚਾਰ ਲਈ ਪੇਸ਼ ਹੋਏ ਹਨ ਜਾਂ ਹੋਇਆ ਕਰਨਗੇ, ਦਿਆਂਗਾ, ਅਤੇ ਜੋ ਤਜਵੀਜ਼ ਬਹੁ-ਸੰਮਤੀ ਨਾਲ ਪ੍ਰਵਾਨ ਹੋਵੇਗੀ ਉਸ ਨੂੰ ਪ੍ਰਵਾਨ ਕਰਾਂਗਾ ਅਤੇ ਮਤਸਰ ਤੇ ਈਰਖਾ ਨੂੰ ਚਿੱਤ ਵਿੱਚ ਨਾ ਲਿਆਵਾਂਗਾ।ਮੈਂ ਇਸ ਇਕਰਾਰ ਨਾਮੇ ਪਰ ਆਪਣੇ ਦਸਖ਼ਤ ਕਰਦਾ ਹਾਂ, ਤਾਂ ਜੋ ਉਪਰਲੇ ਇਕਰਾਰ ਦੀ ਸਨਦ ਰਹੇ”।
ਸਮੇਂ ਸਮੇਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਖ ਵੱਖ ਵਿਅਕਤੀਆਂ ਵੱਲੋਂ ਸ਼ਿਕਾਇਤਾਂ ਭੇਜੀਆਂ ਜਾਂਦੀਆਂ ਹਨ ਕਿ ਚੋਣ ਲੜ ਰਹੇ ਵਿਅਕਤੀਆਂ ਵਿੱਚੋਂ ਕਈਆਂ ਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ ਤੇ ਸਮੇਂ ਸਮੇਂ ਤੇ ਚੋਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਸੰਵਿਧਾਨ ਅਨੁਸਾਰ ਚੋਣ ਕਰਵਾਈ ਜਾਵੇ ਪਰ ਚੋਣ ਕਰਵਾਉਣ ਵਾਲਿਆਂ ਵੱਲੋਂ ਇਸ ਦੀ ਪਾਲਣਾ ਨਹੀਂ ਕੀਤੀ ਜਾਂਦੀ।ਮਿਸਾਲ ਦੇ ਤੌਰ ‘ਤੇ 20 ਮਾਰਚ 2018 ਦੀਆਂ ਅਖਬਾਰਾਂ ਵਿੱਚ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਚੀਫ਼ ਖਾਲਸਾ ਦੀਵਾਨ ਦੀ 25 ਮਾਰਚ 2018 ਹੋਣ ਵਾਲੀ ਉਪ ਚੋਣ ਤੋਂ ਪਹਿਲਾਂ ਤਾੜਨਾ ਕੀਤੀ ਗਈ ਸੀ ਕਿ ਜੇ ਸੰਵਿਧਾਨ ਅਨੁਸਾਰ ਚੋਣ ਨਹੀਂ ਹੁੰਦੀ ਤਾਂ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਨੋਟਿਸ ਲਿਆ ਜਾਵੇਗਾ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਨਿਯਮਾਂ ਅਨੁਸਾਰ ਚੋਣ ਕਰਾਉਣ ਲਈ ਸਖ਼ਤੀ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ ।
1 ਜੁਲਾਈ 2020 ਦੀਆਂ ਅਖ਼ਬਾਰਾਂ ਵਿੱਚ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਪ੍ਰਕਾਸ਼ਿਤ ਹੋਇਆ ਸੀ ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਦੀਵਾਨ ਵਿੱਚ ਗੈਰ ਅੰਮ੍ਰਿਤਧਾਰੀ ਮੈਂਬਰ ਭਰਤੀ ਕੀਤੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਨਵੇਂ ਭਰਤੀ ‘ਤੇ ਪਾਬੰਦੀ ਲਾ ਦਿੱਤੀ ਸੀ। ਉਨ੍ਹਾਂ ਦੀਵਾਨ ਦੀ ਪ੍ਰਬੰਧਕ ਕਮੇਟੀ ਪਾਸੋਂ ਮੈਂਬਰਸ਼ਿਪ ਫਾਰਮਾਂ ਦਾ ਰਿਕਾਰਡ ਮੰਗਿਆ ਪਰ ਕਮੇਟੀ ਵੱਲੋਂ ਉਨ੍ਹਾਂ ਨੂੰ ਇਹ ਰਿਕਾਰਡ ਨਹੀਂ ਦਿੱਤਾ ਗਿਆ।
ਸ੍ਰੀ ਦਰਬਾਰ ਸਾਹਿਬ ਦੇ ਬਾਹਰਵਾਰ ਦੁਕਾਨ ਚਲਾ ਰਹੇ ਬਾਵਾ ਗੁਰਦੀਪ ਸਿੰਘ ਸਮੇਂ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸੰਬੰਧੀ ਪੱਤਰ ਲਿਖਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਦੇ ਪੱਤਰਾਂ ਦਾ ਕੋਈ ਜੁਆਬ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਉਨ੍ਹਾਂ ਦੁਆਰਾ ਉਠਾਏ ਮੁੱਦਿਆਂ ‘ਤੇ ਅਮਲ ਕੀਤਾ ਜਾਂਦਾ ਹੈ।
ਡਾ.ਗੁਮਟਾਲਾ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਮੌਜੂਦਾ ਪ੍ਰਧਾਨ ਨਾਲ ਨਿਜੀ ਤੌਰ ‘ਤੇ ਗੱਲ ਕਰਨ ਕਿ ਉਹ ਸਵਿਧਾਨ ਅਨੁਸਾਰ ਚੋਣ ਕਰਵਾਉਣ ਨੂੰ ਯਕੀਨੀ ਬਨਾਉਣ ਤਾਂ ਜੋ ਸੰਸਥਾ ਦਾ ਮਾਣ ਤੇ ਸਤਿਕਾਰ ਕਾਇਮ ਰਹੇ।