ਭਾਰਤ ਨਾਲ ਤਣਾਅ ਦਰਮਿਆਨ ਮਾਲਦੀਵ ਨੇ 43 ਭਾਰਤੀਆਂ ਨੂੰ ਦੇਸ਼ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਇਨ੍ਹਾਂ ’ਤੇ ਮਾਲਦੀਵ ’ਚ ਵੱਖ-ਵੱਖ ਅਪਰਾਧ ਕਰਨ ਦਾ ਦੋਸ਼ ਹੈ। ਮਾਲਦੀਵ ਮੀਡੀਆ ਅਧਾਧੁ ਦੇ ਅਨੁਸਾਰ, ਮਾਲਦੀਵ ਨੇ 12 ਦੇਸ਼ਾਂ ਦੇ ਕੁੱਲ 186 ਨਾਗਰਿਕਾਂ ਨੂੰ ਦੇਸ਼ ਤੋਂ ਕੱਢਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਵਿੱਚ ਚੀਨ ਦੇ ਇੱਕ ਵੀ ਨਾਗਰਿਕ ਦਾ ਨਾਮ ਨਹੀਂ ਹੈ।
ਰਿਪੋਰਟ ਮੁਤਾਬਕ ਸਭ ਤੋਂ ਵੱਧ 83 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦੂਜੇ ਸਥਾਨ ’ਤੇ ਭਾਰਤੀ, ਤੀਜੇ ’ਤੇ ਸ਼੍ਰੀਲੰਕਾਈ ਅਤੇ ਚੌਥੇ ’ਤੇ ਨੇਪਾਲ ਦੇ ਨਾਗਰਿਕ ਹਨ। ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਦੇਸ਼ ਛੱਡਣ ਦੀ ਆਖਰੀ ਤਰੀਕ ਕੀ ਹੈ।
ਦਰਅਸਲ, ਕੁਝ ਦਿਨ ਪਹਿਲਾਂ ਹੀ ਮਾਲਦੀਵ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਉਹ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਕਾਰੋਬਾਰਾਂ ਨੂੰ ਬੰਦ ਕਰ ਦੇਵੇਗਾ। ਇਨ੍ਹਾਂ ਧੰਦਿਆਂ ਦਾ ਪੈਸਾ ਵਿਦੇਸ਼ੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਵਿੱਤ ਮੰਤਰਾਲਾ ਅਜਿਹੇ ਗੈਰ-ਕਾਨੂੰਨੀ ਕਾਰੋਬਾਰਾਂ ਨੂੰ ਰੋਕੇਗਾ। ਇਸ ਦੌਰਾਨ, ਉਨ੍ਹਾਂ ਕਾਰੋਬਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ ਜੋ ਕਿਸੇ ਹੋਰ ਦੀ ਮਲਕੀਅਤ ਹਨ ਪਰ ਵਿਦੇਸ਼ੀ ਨਾਗਰਿਕ ਦੁਆਰਾ ਚਲਾਏ ਜਾ ਰਹੇ ਹਨ।