ਜਲੰਧਰ- ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨਾਲ ਸਬੰਧਿਤ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਹਦੂਦ ਅੰਦਰ ਸ਼ੰਭੂ ਸਰਹੱਦ ਰਾਹੀਂ ਸ਼ਾਂਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ ‘ਤੇ ਗੋਲੀਆਂ ਦਾਗ਼ਣ ਵਾਲੀ ਹਰਿਆਣਾ ਪੁਲਿਸ ਵਿਰੁੱਧ ਅਪਰਾਧਿਕ ਮੁਕੱਦਮੇ ਕਰਨ ਦੀ ਮੰਗ ਕੀਤੀ ਹੈ।
ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਦੋਸ਼ ਲਾਇਆ ਕਿ ਜਮਹੂਰੀ ਹੱਕਾਂ ਦੀ ਵਰਤੋਂ ਕਰਦਿਆਂ ਕਿਸਾਨੀ ਮੰਗਾਂ ਤੇ ਐਮਐਸਪੀ ਕਾਨੂੰਨ ਲਾਗੂ ਕਰਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਉਪਰ ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਦਮਨ ਢਾਹ ਰਹੀ ਹੈ। ਉਨਾਂ ਮਨੋਹਰ ਲਾਲ ਖੱਟਰ ਸਰਕਾਰ ਦੀ ਨਿੰਦਾ ਕਰਦਿਆਂ ਸੱਦਾ ਦਿੱਤਾ ਕਿ ਕਿਸਾਨ ਵਿਰੋਧੀ ਭਾਜਪਾ ਨੂੰ ਅਗਾਮੀ ਚੋਣਾਂ ਦੌਰਾਨ ਦੇਸ਼ ਭਰ ‘ਚ ਹਰਾਇਆ ਜਾਵੇ।
ਬੀਬਾ ਰਾਜੂ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ ਆਪਣੀ ਦੁਸ਼ਮਣੀ ਜ਼ਾਹਰ ਕਰਦਿਆਂ ਕੰਕਰੀਟ ਦੇ ਬੈਰੀਕੇਡਾਂ ਅਤੇ ਲੋਹੇ ਦੇ ਕਿੱਲਾਂ ਨਾਲ ਸਾਰੇ ਹਾਈਵੇਅ ਬੰਦ ਕਰ ਦਿੱਤੇ ਹਨ ਅਤੇ ਆਪਣੀ ਪੁਲਿਸ ਨੂੰ ‘ਅੰਨਦਾਤਾ‘ ਉਪਰ ਅੰਨ੍ਹੇਵਾਹ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ, ਪਾਣੀ ਦੀਆਂ ਤੋਪਾਂ ਅਤੇ ਇੱਥੋਂ ਤੱਕ ਕਿ ਹਥਿਆਰਾਂ ਸਮੇਤ ਸਾਰੇ ਹਮਲਾਵਰ ਢੰਗ ਵਰਤਣ ਦੀ ਖੁੱਲ ਦਿੱਤੀ ਹੋਈ ਹੈ।
ਪੰਜਾਬ ਦੇ ਇਲਾਕੇ ਅੰਦਰ ਕਿਸਾਨਾਂ ‘ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਹਿਸ਼ੀਆਨਾ ਹਮਲਿਆਂ ਦੀ ਨਿੰਦਾ ਕਰਦਿਆਂ ਮਹਿਲਾ ਨੇਤਾ ਬੀਬਾ ਰਾਜੂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ‘ ਸਰਕਾਰ ਨੂੰ ਹਰਿਆਣਾ ਪੁਲਿਸ ਦੇ ਇਸ ਗੈਰ-ਜ਼ਿੰਮੇਵਾਰਾਨਾ ਅਤੇ ਗੈਰ-ਕਾਨੂੰਨੀ ਹਮਲਿਆਂ ਲਈ ਅਪਰਾਧਿਕ ਮੁਕੱਦਮੇ ਦਰਜ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਜ਼ਖਮੀਆਂ ਨੂੰ ਪੂਰੀ ਸਹੂਲਤ ਦਿੰਦਿਆਂ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ। ਮਹਿਲਾ ਨੇਤਾ ਨੇ ਜਖਮੀ ਕਿਸਾਨਾਂ ਤੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਬੂਤ ਸਾਂਭ ਕੇ ਰੱਖਣ ਅਤੇ ਨੇੜੇ ਦੇ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕਰਾਉਣ।
‘ਕਿਸਾਨ ਅੰਦੋਲਨ 2.0′ ਅਤੇ ਕਿਸਾਨੀ ਮੰਗਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ ਉਹ ਦੋ ਸਾਲ ਪਹਿਲਾਂ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਮੌਕੇ ਐਸ.ਕੇ.ਐਮ. ਨਾਲ ਕੀਤੇ ਵਾਅਦੇ ਪੂਰਾ ਕਰਨ।