ਅਬੋਹਰ – ਅਬੋਹਰ ਦੇ ਪਿੰਡ ਰਾਏਪੁਰਾ ਵਿੱਚ ਇੱਕ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ ‘ਤੇ ਕਤਲ ਦਾ ਦੋਸ਼ ਲਾਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।
ਮ੍ਰਿਤਕਾ ਦੀ ਪਛਾਣ ਨੀਤੂ (26) ਵਜੋਂ ਹੋਈ ਹੈ। ਉਸ ਦੇ ਚਚੇਰੇ ਭਰਾਵਾਂ ਵਿੱਕੀ ਅਤੇ ਅਰਵਿੰਦ ਨੇ ਦੱਸਿਆ ਕਿ ਉਸ ਦਾ ਵਿਆਹ 6 ਸਾਲ ਪਹਿਲਾਂ ਪ੍ਰਦੀਪ ਕੁਮਾਰ ਵਾਸੀ ਢਾਣੀ, ਬਹਾਦਰਖੇੜਾ ਨਾਲ ਹੋਇਆ ਸੀ। ਉਨ੍ਹਾਂ ਦੀ ਇੱਕ 5 ਸਾਲ ਦੀ ਬੇਟੀ ਜੀਵਿਕਾ ਵੀ ਹੈ।
ਉਸ ਦਾ ਜੀਜਾ ਪ੍ਰਦੀਪ ਕੁਮਾਰ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਨੀਤੂ ਨਾਲ ਲੜਦਾ ਰਹਿੰਦਾ ਸੀ। ਪਤੀ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਨੀਤੂ ਅਕਸਰ ਪਰੇਸ਼ਾਨ ਰਹਿੰਦੀ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੀਤੂ ਨੇ ਘਰ ‘ਚ ਫਾਹਾ ਲੈ ਲਿਆ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਹ ਮ੍ਰਿਤਕ ਹਾਲਤ ਵਿੱਚ ਪਈ ਸੀ।
ਸਦਰ ਪੁਲੀਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਉਸ ਦੇ ਪਤੀ ਅਤੇ ਸੱਸ ‘ਤੇ ਕਤਲ ਦਾ ਦੋਸ਼ ਲਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।