ਜਲੰਧਰ : ਟਰੱਕ ਅਤੇ ਬੱਸ ਅਪਰੇਟਰਾਂ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਤੇਲ ਟੈਂਕਰ ਯੂਨੀਅਨਾਂ ਦੇ ਡਰਾਈਵਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਕਈ ਜ਼ਿਲਿਆਂ ‘ਚ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਰਿਹਾ ਹੈ। ਜੇਕਰ ਅੱਜ ਸ਼ਾਮ ਤੱਕ ਹੜਤਾਲ ਖਤਮ ਨਾ ਹੋਈ ਤਾਂ ਸੂਬੇ ਦੇ ਅੱਧੇ ਤੋਂ ਵੱਧ ਪੈਟਰੋਲ ਪੰਪ ਸੁੱਕ ਜਾਣਗੇ। ਪੈਟਰੋਲ ਪੰਪਾਂ ‘ਤੇ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸ ਦਾ ਅਸਰ ਸੋਮਵਾਰ ਰਾਤ ਨੂੰ ਦਿਖਾਈ ਦੇਣ ਲੱਗਾ। ਕਈ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਖਤਮ ਹੋ ਗਿਆ। ਕਈ ਥਾਵਾਂ ‘ਤੇ ਪੈਟਰੋਲ ਪੰਪ ਚਾਲਕਾਂ ਨੇ ਡੀਜ਼ਲ ਖਤਮ ਹੋਣ ਦੇ ਪੋਸਟਰ ਵੀ ਚਿਪਕਾਏ।
ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਕਈ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਖਤਮ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਪੰਪਾਂ ’ਤੇ ਬਹੁਤ ਘੱਟ ਪੈਟਰੋਲ ਅਤੇ ਡੀਜ਼ਲ ਬਚਿਆ ਹੈ ਜੋ ਜਲਦੀ ਹੀ ਖ਼ਤਮ ਹੋ ਜਾਵੇਗਾ। ਕੇਂਦਰ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਹੈ ਕਿ ਦੁਰਘਟਨਾ ਹੋਣ ਦੀ ਸੂਰਤ ਵਿੱਚ ਟਰੱਕ ਅਤੇ ਬੱਸ ਡਰਾਈਵਰਾਂ ਨੂੰ 10 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਇਸ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਟਰੱਕ ਅਤੇ ਬੱਸ ਅਪਰੇਟਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਤੇਲ ਟੈਂਕਰ ਯੂਨੀਅਨ ਦੇ ਹੜਤਾਲ ‘ਤੇ ਜਾਣ ਕਾਰਨ ਜਲਦੀ ਹੀ ਬੱਸ ਅਪਰੇਟਰ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਕਾਰਨ ਟਰਾਂਸਪੋਰਟ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।