ਤਾਲਿਬਾਨ ਨੇ ਗਰਭ ਨਿਰੋਧਕਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਔਰਤਾਂ ਵੱਲੋਂ ਗਰਭ ਨਿਰੋਧਕਾਂ ਦੇ ਇਸਤੇਮਾਲ ਨੂੰ ਤਾਲਿਬਾਨੀਆਂ ਨੇ ਮੁਸਲਿਮ ਆਬਾਦੀ ਨੂੰ ਕੰਟਰੋਲ ਕਰਨ ਲਈ ਇਕ ਪੱਛਮੀ ਸਾਜ਼ਿਸ਼ ਦੱਸਿਆ ਹੈ। ਰਿਪੋਰਟ ਮੁਤਾਬਕ ਕਾਬੁਲ ਤੇ ਮਜਾਰ-ਏ-ਸ਼ਰੀਫ ਦੇ ਫਾਰਮਾਸਿਸਟਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਗਰਭ ਨਿਰੋਧਕ ਦਵਾਈਆਂ ਦਾ ਸਟਾਕ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਕਾਬੁਲ ਦੇ ਇਕ ਮੈਡੀਕਲ ਸਟੋਰ ਦੇ ਸੰਚਾਲਕ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਜਨਮ ਕੰਟਰੋਲ ਦੀਆਂ ਗੋਲੀਆਂ ਤੇ ਡੇਪੋ-ਪ੍ਰੋਵੇਰਾ ਵਰਗੇ ਇੰਜੈਕਸ਼ਨ ਨੂੰ ਰੱਖਣ ਦੀ ਇਜਾਜ਼ਤ ਨਹੀਂ ਹੈ ਤੇ ਉਹ ਮੌਜੂਦਾ ਸਟਾਕ ਨੂੰ ਵੇਚਣ ਤੋਂ ਡਰ ਰਹੇ ਹਨ। ਤਾਲਿਬਾਨੀ ਘਰ-ਘਰ ਜਾ ਕੇ ਮਿਡਵਾਈਫ ਨੂੰ ਧਮਕਾ ਰਹੇ ਹਨ। ਇਕ ਸਟੋਰ ਸੰਚਾਲਕ ਨੇ ਦੱਸਿਆ ਕਿ ਤਾਲਿਬਾਨੀ ਦੋ ਵਾਰ ਬੰਦੂਕ ਲੈ ਕੇ ਸਟੋਰ ‘ਤੇ ਆਏ ਤੇ ਧਮਕੀ ਦਿੱਤੀ ਕਿ ਗਰਭ ਨਿਰੋਧਕ ਗੋਲੀਆਂ ਦੀ ਵਿਕਰੀ ਤਤਕਾਲ ਬੰਦ ਕਰ ਦਿੱਤੀ ਜਾਵੇ। ਰੈਗੂਲਰ ਤੌਰ ‘ਤੇ ਉਹ ਕਾਬੁਲ ਸ਼ਹਿਰ ਦੇ ਹਰ ਫਾਰਮੇਸੀ ‘ਤੇ ਜਾ ਰਹੇ ਹਨ।
ਇਕ ਬਜ਼ੁਰਗ ਮਿਡਵਾਈਫ ਨੇ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਧਮਕਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਤਾਲਿਬਾਨ ਕਮਾਂਡਰ ਨੇ ਕਿਹਾ ਸੀ ਕਿ ਜਨਸੰਖਿਆ ਨੂੰ ਕੰਟਰੋਲ ਕਰਨ ਦੀ ਲੋਕਾਂ ਨੂੰ ਜਾਣਕਾਰੀ ਦੇਣ ਦੀ ਇਜਾਜ਼ਤ ਨਹੀਂ ਹੈ। ਇਹ ਪੱਛਮੀ ਦੇਸ਼ਾਂ ਦੀ ਸਾਜ਼ਿਸ਼ ਹੈ।