ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਪ੍ਰਧਾਨ ਅਤੇ ਸਕਾਟਲੈਂਡ ਦੀ ਮਨਿਸਟਰ ਨਿਕੋਲਾ ਸਟਰਜਨ ਨੇ ਆਪਣੀ ਰਿਹਾਇਸ਼ ਬੂਟ ਹਾਊਸ ਐਡਨਬਰਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਦਿਲ ਤੇ ਦਿਮਾਗ ਦੋਵਾਂ ਦਾ ਕਹਿਣਾ ਹੈ ਕਿ ਹੁਣ ਅਹੁਦਾ ਛੱਡਣ ਦਾ ਸਮਾਂ ਹੈ। 52 ਸਾਲਾ ਨਿਕੋਲਾ ਸਟਰਜਨ 16 ਸਾਲ ਦੀ ਉਮਰ ‘ਚ ਸਕਾਟਿਸ਼ ਨੈਸ਼ਨਲ ਪਾਰਟੀ ‘ਚ ਸ਼ਾਮਿਲ ਹੋਈ ਸੀ।
1999 ਤੋਂ ਸਕਾਟਿਸ਼ ਸੰਸਦ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਉਹ ਸੰਸਦ ਮੈਂਬਰ ਰਹੀ ਹੈ। 2007 ਤੋਂ 2014 ਤੱਕ ਉਹ ਸਕਾਟਿਸ਼ ਸਰਕਾਰ ਦੀ ‘ਡਿਪਟੀ ਫ਼ਸਟ ਮਨਿਸਟਰ’ ਰਹੀ। 2014 ‘ਚ ਕਰਵਾਏ ਸਕਾਟਲੈਂਡ ਦੀ ਆਜ਼ਾਦੀ ਦੇ ਜਨਮਤ ਸੰਗ੍ਰਹਿ ਹਾਰ ਜਾਣ ਤੋ ਬਾਅਦ ਅਤੇ ‘ਫ਼ਸਟ ਮਨਿਸਟਰ’ ਐਲਕ ਸਾਲਮੰਡ ਦੇ ਅਸਤੀਫ਼ਾ ਦੇਣ ਤੋ ਬਾਅਦ ਉਹ ‘ਫ਼ਸਟ ਮਨਿਸਟਰ’ ਬਣੀ ਸੀ। 14 ਨਵੰਬਰ, 2014 ਤੋਂ 15 ਫ਼ਰਵਰੀ, 2023 ਤੱਕ ਉਹ ਸਕਾਟਲੈਂਡ ਦੀ ਸਭ ਤੋ ਲੰਬਾ ਸਮਾਂ 8 ਸਾਲ ਤੋ ਵੱਧ ‘ਫ਼ਸਟ ਮਨਿਸਟਰ’ ਰਹੀ। ਨਿਕੋਲਾ ਸਟਰਜਨ ਨੂੰ ਸਕਾਟਲੈਂਡ ਦੀ ਆਜ਼ਾਦੀ ਦੀ ਲੜਾਈ ‘ਚ ਯੋਗਦਾਨ ਅਤੇ ਕੋਵਿਡ-19 ਮਹਾਮਾਰੀ ਨਾਲ ਸੁਚੱਜੇ ਤਰੀਕੇ ਨਾਲ ਨਜਿੱਠਣ ਤੇ ਆਪਣੀ ਗੱਲ ਕਹਿਣ ਵਾਲੀ ਧੜੱਲੇਦਾਰ ਆਗੂ ਵਜੋਂ ਯਾਦ ਕੀਤਾ ਜਾਵੇਗਾ।