“ਸਿੱਖ ਕੌਸ਼ਲ ਵੱਲੋਂ ਦਸੰਬਰ ਵਿੱਚ ਹੋਵੇਗਾ ਵਿਸ਼ੇਸ਼ ਪ੍ਰੋਗਰਾਮ”
ਫਰਿਜ਼ਨੋ, ਕੈਲੀਫੋਰਨੀਆ, 3 ਅਕਤੂਬਰ (ਰਾਜ ਗੋਗਨਾ )—ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਮੁੱਖ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ “ਗੁਰਦੁਆਰਾ ਗੁਰੂ ਰਵਿਦਾਸ ਜੀ” ਸੈਲਮਾਂ ਵਿਖੇ ਸੰਸਥਾ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਸੁਰੂਆਤ ਮੂਲ ਮੰਤਰ ਦੇ ਜਾਪ ਨਾਲ ਹੋਈ। ਇਸ ਉਪਰੰਤ ਸੁਖਦੇਵ ਸਿੰਘ ਚੀਮਾ ਨੇ ਮੂਲ ਨਾਨਕਸ਼ਾਹੀ ਸਿੱਖ ਕੈਲੰਡਰ ਦੇ ਸਿਰਜਣਹਾਰ / ਲੇਖਕ / ਆਰਕੀਟੈਕਟ ਅਤੇ 1999 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਸ. ਪਾਲ ਸਿੰਘ ਪੁਰੇਵਾਲ ਦੀ22 ਸਤੰਬਰ 2022 ਨੂੰ ਅਚਾਨਕ ਹੋਈ ਮੌਤ ਦੀ ਜਾਣਕਾਰੀ ਸਾਂਝੀ ਕੀਤੀ। ਜਿਸ ‘ਤੇ ਦੁੱਖ ਦਾ ਪ੍ਰਗਟਾ ਕੀਤਾ ਗਿਆ ਅਤੇ ਸਿੱਖ ਕੌਸ਼ਲ ਵੱਲੋਂ ਸਵਰਗੀ ਸ. ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਾਹਿਗੁਰੂ ਜਾਪ ਕੀਤਾ ਗਿਆ। ਇਸ ਉਪਰੰਤ ਸੈਂਟਰਲ ਕੈਲੇਫੋਰਨੀਆਂ ਦੇ ਗੁਰੂ ਘਰਾਂ ਨਾਲ ਸੰਬੰਧਤ ਏਜੰਡਿਆਂ ‘ਤੇ ਵਿਚਾਰਾ ਅਤੇ ਸੁਝਾਵਾਂ ਦਾ ਸੈਸ਼ਨ ਚੱਲਿਆ। ਇਸੇ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਗੁਰਪੁਰਬ ਮਨਾਉਣ ਅਤੇ ਸਮੁੱਚੇ ਅਮੈਰੀਕਨ ਭਾਈਚਾਰੇ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਪ੍ਰਸਤਾਵ ਵੀ ਰੱਖਿਆ ਗਿਆ। ਇਸ ਸਮੇਂ ਇਹ ਪ੍ਰਸਤਾਵ ਸਭ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ ਕਿ ਸਿੱਖ ਕੌਸ਼ਲ ਆਫ ਕੈਲੇਫੋਰਨੀਆਂ ਵੱਲੋਂ ਇਸ ਸਾਲ ਦਸੰਬਰ ਮਹੀਨੇ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿੱਚ ਸਿੱਖ ਕੌਮ ਦੇ ਮਹਾਨ ਬੁਲਾਰਿਆਂ ਨੂੰ ਬੁਲਾਇਆ ਜਾਵੇਗਾ।
ਮੀਟਿੰਗ ਵਿੱਚ ਕੌਂਸਲ ਦੇ ਨਿਯਮਤ ਕੰਮਕਾਜ ਤੋਂ ਇਲਾਵਾ ਆਗਾਮੀ ਗੁਰਪੁਰਬਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਮੀਟਿੰਗ ਦੌਰਾਨ ਸੰਸਥਾ ਦੇ ਮੈਂਬਰ ਸ. ਅਮਰੀਕ ਵਿਰਕ ਦੀ ਸਿਹਤ ਸੁਧਾਰ ਦੇ ਲਈ ਅਰਦਾਸ ਕੀਤੀ ਗਈ। ਅੰਤ ਮੈਂਬਰਸ਼ਿਪ ਅਤੇ ਸੰਸਥਾ ਦੇ ਲੇਖੇ-ਜੋਖੇ ਬਾਅਦ ਇਹ ਮੀਟਿੰਗ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਪਤ ਹੋਈ।