ਚੰਡੀਗੜ੍ਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਕਤਲ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਅਲਫ਼ਾਜ਼ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ ‘ਤੇ ਇਹ ਹਮਲਾ ਮੋਹਾਲੀ ਦੇ ਇਕ ਰੈਸਟੋਰੈਂਟ ‘ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਜ਼ਖਮੀ ਹੋਏ ਅਲਫਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੌਪ ਗਾਇਕ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਕੇ ਗਾਇਕ ਅਲਫਾਜ਼ ‘ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਹੈ।
ਹਨੀ ਸਿੰਘ ਵੱਲੋਂ ਪੋਸਟ ਕੀਤੀ ਗਈ ਤਸਵੀਰ ਵਿੱਚ ਅਲਫ਼ਾਜ਼ ਹਸਪਤਾਲ ਦੇ ਬੈੱਡ ‘ਤੇ ਦਾਖ਼ਲ ਨਜ਼ਰ ਆ ਰਿਹਾ ਹੈ। ਉਸ ਦੇ ਸਰੀਰ ‘ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਉਹ ਬੇਹੋਸ਼ ਹੈ. ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਹਨੀ ਸਿੰਘ ਨੇ ਇਸ ਤਸਵੀਰ ਨਾਲ ਲਿਖਿਆ ਕਿ ਇਸ ਹਮਲੇ ਪਿੱਛੇ ਜੋ ਵੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਹਨੀ ਸਿੰਘ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਅਲਫਾਜ਼ ਦੇ ਜਲਦੀ ਠੀਕ ਹੋਣ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ।