ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ’ਚ ਮਿਲੇ ਝਟਕਿਆਂ ਮਗਰੋਂ ਉਥੇ ਪਰਮਾਣੂ ਜਾਂ ਰਸਾਇਣਕ ਹਥਿਆਰਾਂ ਦੀ ਵਰਤੋਂ ਨਾ ਕਰੇ। ਸੀਬੀਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਬਾਇਡਨ ਨੇ ਕਿਹਾ ਕਿ ਜੇਕਰ ਪੂਤਿਨ ਨੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਤਾਂ ਇਸ ਨਾਲ ਜੰਗ ਦਾ ਮੁਹਾਂਦਰਾ ਵੀ ਬਦਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਇਸ ਦਾ ਜਵਾਬ ਦੇਵੇਗਾ ਪਰ ਉਨ੍ਹਾਂ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਉਂਜ ਰੂਸੀ ਸਰਕਾਰ ਦੇ ਅਧਿਕਾਰੀਆਂ ਨੇ ਪੱਛਮੀ ਮੁਲਕਾਂ ਦੇ ਤੌਖ਼ਲਿਆਂ ਨੂੰ ਨਕਾਰਿਆ ਹੈ।
ਜ਼ਿਕਰਯੋਗ ਹੈ ਕਿ ਯੂਕਰੇਨ ਦੇ ਉੱਤਰ-ਪੂਰਬ ’ਚ ਰੂਸੀ ਫ਼ੌਜਾਂ ਦੇ ਪਿੱਛੇ ਹਟਣ ਮਗਰੋਂ ਪੂਤਿਨ ਦੇਸ਼ ਦੇ ਰਾਸ਼ਟਰਵਾਦੀਆਂ ਦੇ ਦਬਾਅ ਹੇਠ ਹਨ ਕਿ ਇਨ੍ਹਾਂ ਇਲਾਕਿਆਂ ’ਤੇ ਮੁੜ ਕਬਜ਼ੇ ਲਈ ਪੁਖ਼ਤਾ ਕਦਮ ਉਠਾਏ ਜਾਣ। ਉਧਰ ਬਿ੍ਰਟਿਸ਼ ਰੱਖਿਆ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਵੱਲੋਂ ਯੂਕਰੇਨ ’ਚ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਦੌਰਾਨ ਰੂਸ ਨੇ ਸ਼ਹਿਰੀ ਇਲਾਕਿਆਂ ’ਤੇ ਹਮਲੇ ਵਧਾ ਦਿੱਤੇ ਹਨ। ਮਾਈਕੋਲੇਵ ਸ਼ਹਿਰ ’ਚ ਇਕ ਹਸਪਤਾਲ ’ਤੇ ਰਾਤ ਨੂੰ ਗੋਲਾਬਾਰੀ ਕੀਤੀ ਗਈ। ਖੇਤਰੀ ਗਵਰਨਰ ਵਿਤਾਲੀ ਕਿਮ ਨੇ ਦੱਸਿਆ ਕਿ ਖ਼ਿੱਤੇ ਦੇ ਹੋਰ ਹਿੱਸਿਆਂ ’ਚ ਵੀ ਗੋਲਾਬਾਰੀ ਕੀਤੀ ਗਈ ਹੈ ਜਿਸ ’ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਨਿਕੋਪੋਲ ’ਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ।