ਰਈਆ (ਕਮਲਜੀਤ ਸੋਨੂੰ)—ਪੰਜਾਬ ਸਰਕਾਰ ਵੱਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਕੀਤੇ ਜਾ ਕਹੇ ਯਤਨਾਂ ਤਹਿਤ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਦੀਆਂ ਹਿਦਾਇਤਾਂ ਉਤੇ ਪਿੰਡ ਵਡਾਲਾ ਜੌਹਲ ਵਿਖੇ ਲਗਾਏ ਗਏ ਸੁਵਿਧਾ ਕੈਂਪ ਦਾ 200 ਤੋਂ ਵੱਧ ਲੋਕਾਂ ਨੇ ਲਾਭ ਲਿਆ। ਇਸ ਮੌਕੇ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ ਅਤੇ ਬੇਸਹਾਰਾ ਬੱਚਿਆਂ ਲਈ ਪੈਨਸ਼ਨ ਲਗਾਉਣ ਦੇ ਫਾਰਮ ਭਰਨ ਤੋਂ ਇਲਾਵਾ ਉਸਾਰੀ ਕਿਰਤੀਆਂ ਦੇ ਕਾਰਡ ਬਨਾਉਣ ਦਾ ਕੰਮ ਕੀਤਾ ਗਿਆ। ਪਿੰਡ ਵਡਾਲਾ ਜੌਹਲ ਦੇ ਬਾਬਾ ਸੋਮਦਾਸ ਗੁਰਦੁਆਰਾ ਸਾਹਿਬ ਵਿੱਚ ਲਗਾਏ ਗਏ ਇਸ ਵਿਸ਼ੇਸ਼ ਕੈਂਪ ਵਿੱਚ ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਈ ਟੀ ਓ ਵਿਸ਼ੇਸ਼ ਤੌਰ ਉਤੇ ਪੁੱਜੇ। ਉਨ੍ਹਾਂ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਉਕਤ ਕੈਂਪ ਪਿੰਡ ਪੱਧਰ ਉਤੇ ਲਗਾਏ ਜਾ ਰਹੇ ਹਨ ਅਤੇ ਲੋੜਵੰਦ ਵੱਧ ਤੋਂ ਵੱਧ ਪਹੁੰਚ ਕੇ ਇਸ ਮੌਕੇ ਦਾ ਲਾਭ ਲੈਣ। ਉਨਾਂ ਕਿਹਾ ਕਿ ਸਵੇਰੇ 8 ਵਜੇ ਤੋਂ ਸਾਮ 5 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਵਿੱਚ ਸਾਰੇ ਲੋੜਵੰਦ ਕਾਰਡ ਬਣਾਉਣ ਲਈ ਆਪਣਾ ਆਧਾਰ ਕਾਰਡ, ਫੋਟੋ ਅਤੇ ਹੋਰ ਜਰੂਰੀ ਦਸਤਾਵੇਜ ਨਾਲ ਲੈ ਕੇ ਜਰੂਰ ਆਉਣ, ਤਾਂ ਜੋ ਮੌਕੇ ਉਤੇ ਹੀ ਕਾਰਡ ਬਣਾਏ ਜਾ ਸਕਣ।