ਦੁਨੀਆ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ‘ਚੋਂ ਇੱਕ ਮੁਕੇਸ਼ ਅੰਬਾਨੀ ਆਪਣੇ 16 ਲੱਖ ਕਰੋੜ ਰੁਪਏ ਤੋਂ ਵਧ ਦੇ ਸਾਮਰਾਜ ਨੂੰ ਅਗਲੀ ਪੀੜ੍ਹੀ ਨੂੰ ਸੌਂਪਣ ਦੇ ਪਲਾਨ ‘ਤੇ ਕੰਮ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਪਿਤਾ ਧੀਰੂਭਾਈ ਅੰਬਾਨੀ ਦੇ ਦੇਹਾਂਤ ਦੇ ਬਾਅਦ ਭਰਾ ਅਨਿਲ ਅੰਬਾਨੀ ਨਾਲ ਹਿੱਸੇਦਾਰੀ ਦੀ ਵੰਡ ਨੂੰ ਲੈ ਕੇ ਜੋ ਵਿਵਾਦ ਹੋਇਆ ਸੀ, ਉਹੋ ਜਿਹਾ ਉਨ੍ਹਾਂ ਦੇ ਪੁੱਤਰਾਂ ਤੇ ਧੀਆਂ ਵਿਚ ਨਾ ਹੋਵੇ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਿਲਾਇੰਸ ਜੀਓ ਦੇ ਬੋਰਡ ਨੇ ਉਨ੍ਹਾਂ ਦੇ ਬੇਟੇ ਆਕਾਸ਼ ਅੰਬਾਨੀ ਦੀ ਬੋਰਡ ਦੇ ਚੇਅਰਮੈਨ ਅਹੁਦੇ ‘ਤੇ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।
ਪੰਕਜ ਮੋਹਨ ਪਵਾਰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲਣਗੇ। ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ 27 ਜੂਨ ਨੂੰ ਹੋਈ ਸੀ ਜਿਸ ਵਿਚ ਇਹ ਫੈਸਲੇ ਲਏ ਗਏ ਹਨ। ਕੰਪਨੀ ਦੇ ਐਡੀਸ਼ਨਲ ਡਾਇਰੈਕਟਰ ਵਜੋਂ ਰਾਮਿੰਦਰ ਸਿੰਘ ਗੁਜਰਾਲ ਤੇ ਕੇਵੀ ਚੌਧਰੀ ਦੀ ਨਿਯੁਕਤੀ ਨੂੰ ਵੀ ਬੋਰਡ ਨੇ ਮਨਜ਼ੂਰੀ ਦਿੱਤੀ ਹੈ। ਇਹ ਅਪਾਇੰਟਮੈਂਟ 27 ਜੂਨ 2022 ਤੋਂ 5 ਸਾਲ ਲਈ ਹੈ।
ਰਿਲਾਇੰਸ ਇੰਡਸਟਰੀਜ਼ ਦੀ ਨੀਂਹ ਧੀਰੂਭਾਈ ਅੰਬਾਨੀ ਨੇ ਰੱਖੀ ਸੀ। ਉਨ੍ਹਾਂ ਦਾ ਜਨਮ 28 ਦਸੰਬਰ 1933 ਨੂੰ ਜੂਨਾਗੜ੍ਹ ਜ਼ਿਲ੍ਹੇ ਵਿਚ ਹੋਇਆ ਸੀ। ਧੀਰੂਭਾਈ ਦਾ ਪੂਰਾ ਨਾਂ ਧੀਰਜਲਾਲ ਹੀਰਾਚੰਦ ਅੰਬਾਨੀ ਹੈ। ਉਨ੍ਹਾਂ ਨੇ ਜਦੋਂ ਬਿਜ਼ਨੈੱਸ ਦੀ ਦੁਨੀਆ ਵਿਚ ਕਦਮ ਰੱਖਿਆ ਤਾਂ ਨਾ ਉਨ੍ਹਾਂ ਕੋਲ ਪੁਸ਼ਤੈਨੀ ਜਾਇਦਾਦ ਸੀ ਤੇ ਨਾ ਹੀ ਬੈੰਕ ਬੈਲੇਂਸ। ਧੀਰੂਭਾਈ ਦੀ 1955 ਵਿਚ ਕੋਕਿਲਾਬੇਨ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਦੋ ਬੇਟੇ ਮੁਕੇਸ਼-ਅਨਿਲ ਤੇ ਦੋ ਬੇਟੀਆਂ ਦੀਪਤੀ ਤੇ ਨੀਨਾ ਹੈ। 6 ਜੁਲਾਈ 2002ਨੂੰ ਧੀਰੂਭਾਈ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੰਡ ਵਿਚ ਉਨ੍ਹਾਂ ਦੀ ਪਤਨੀ ਕੋਕਿਲਾਬੇਨ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ।