ਪ੍ਰੋਗਰਾਮ ਦਾ ਉਦੇਸ਼ ਪਾਣੀ, ਸਵੱਛਤਾ ਤੇ ਸਫਾਈ ਦੇ ਖੇਤਰ ‘ਚ ਸਕੂਲਾਂ ਦੇ ਮਿਸਾਲੀ ਕੰਮ ਨੂੰ ਮਾਨਤਾ ਦੇਣਾ : ਘਨਸ਼ਿਆਮ ਥੋਰੀ
ਜਲੰਧਰ (Jatinder Rawat)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ 34 ਸਰਕਾਰੀ ਅਤੇ ਚਾਰ ਪ੍ਰਾਈਵੇਟ ਸਕੂਲਾਂ ਨੂੰ ਸਰਬਓਤਮ ਪਾਣੀ ਅਤੇ ਸੈਨੀਟੇਸ਼ਨ ਪ੍ਰਬੰਧਨ ਲਈ ਸਵੱਛ ਵਿਦਿਆਲਿਆ ਪੁਰਸਕਾਰ 2021-2022 ਨਾਲ ਸਨਮਾਨਿਤ ਕੀਤਾ ਗਿਆ।
ਸਕੂਲਾਂ ਨੂੰ ਸਰਟੀਫਿਕੇਟ ਦੀ ਵੰਡਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿੱਖਿਆ ਮੰਤਰਾਲੇ ਵੱਲੋਂ ਸਕੂਲਾਂ ਵਿੱਚ ਸਵੱਛਤਾ ਤੇ ਸਫਾਈ ਅਭਿਆਸਾਂ ਵਿੱਚ ਉਤਮਤਾ ਨੂੰ ਮਾਨਤਾ ਦੇਣਾ, ਪ੍ਰੇਰਿਤ ਕਰਨਾ ਅਤੇ ਮਨਾਉਣ ਲਈ ਸਵੱਛ ਵਿਦਿਆਲਿਆ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਲਈ ਸਕੂਲਾਂ ਤੋਂ ਐਂਟਰੀਆਂ ਮੰਗੀਆਂ ਗਈਆਂ ਸਨ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ 764 ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਯੋਗ ਸਨ ਅਤੇ ਜਲੰਧਰ ਵਿੱਚ 83 ਮੁਲਾਂਕਣਕਰਤਾਵਾਂ ਵੱਲੋਂ ਸਰਵੇਖਣ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ 34 ਸਰਕਾਰੀ ਅਤੇ ਚਾਰ ਪ੍ਰਾਈਵੇਟ ਸਕੂਲਾਂ ਸਮੇਤ 38 ਸਕੂਲਾਂ ਦੀ ਚੋਣ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਇਨ੍ਹਾਂ ਸਕੂਲਾਂ ਦੇ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਪਾਣੀ ਅਤੇ ਸੈਨੀਟੇਸ਼ਨ ਸੁਵਿਧਾਵਾਂ ਵਿੱਚ ਸੁਧਾਰ ਕਰਨ ਤੋਂ ਇਲਾਵਾ ਬੱਚਿਆਂ ਵਿੱਚ ਸੁਰੱਖਿਅਤ ਅਤੇ ਸਵੱਛਤਾ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਛੇ ਉਪ-ਸ਼੍ਰੇਣੀਆਂ ਵਿੱਚ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੀਣ ਵਾਲਾ ਪਾਣੀ, ਪਖਾਨੇ, ਸਾਬਣ ਨਾਲ ਹੱਥ ਧੋਣਾ, ਸੰਚਾਲਨ ਅਤੇ ਰੱਖ-ਰਖਾਅ, ਸਮਰੱਥਾ ਨਿਰਮਾਣ ਅਤੇ ਕੋਵਿਡ-19 ਸਬੰਧੀ ਤਿਆਰੀ ਤੇ ਰਿਸਪਾਂਸ ਸ਼ਾਮਲ ਹਨ।
ਸਕੂਲਾਂ ਦੇ ਪ੍ਰਬੰਧਕਾਂ ਨੂੰ ਪੁਰਸਕਾਰ ਮਿਲਣ ‘ਤੇ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਇਹ ਪ੍ਰਾਪਤ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ । ਇਸ ਮੌਕੇ ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ ਤੇ ਜੀ.ਐਸ. ਮੁਲਤਾਨੀ ਆਦਿ ਮੌਜੂਦ ਸਨ ।