ਚਾਹਵਾਨ ਵਿਅਕਤੀ ਹਰ ਪੱਖੋਂ ਮੁਕੰਮਲ ਟੈਂਡਰ 5 ਜੁਲਾਈ ਤੱਕ ਕਰਵਾ ਸਕਦੇ ਨੇ ਜਮ੍ਹਾ
ਕੰਮ ਵਾਲੇ ਦਿਨ ਸਵੇਰੇ 9 ਤੋਂ 5 ਵਜੇ ਤੱਕ ਕੰਡਮ ਸਾਮਾਨ ਦਾ ਲਿਆ ਜਾ ਸਕਦੈ ਜਾਇਜ਼ਾ
ਜਲੰਧਰ, (Jatinder Rawat)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਕੰਡਮ ਪਏ ਸਾਮਾਨ ਦੀ ਨਿਲਾਮੀ 6 ਜੁਲਾਈ 2022 ਨੂੰ ਸਵੇਰੇ 11 ਵਜੇ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਕੰਡਮ ਸਾਮਾਨ ਦੀ ਨਿਲਾਮੀ ਲਈ ਸੂਚੀਬੱਧ ਪ੍ਰਸਿੱਧ ਠੇਕੇਦਾਰਾਂ ਪਾਸੋਂ ਮੋਹਰਬੰਦ ਟੈਂਡਰਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਕੰਡਮ ਸਾਮਾਨ ਦਾ ਜਾਇਜ਼ਾ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਜ਼ਾਰਤ ਸ਼ਾਖਾ ਨਾਲ ਤਾਲਮੇਲ ਕਰਦਿਆਂ ਲਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਹਰ ਪਖੋਂ ਮੁਕੰਮਲ ਟੈਂਡਰ ਨਜ਼ਾਰਤ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਜਲੰਧਰ ਦੇ ਕਮਰਾ ਨੰਬਰ 123 ਵਿੱਚ 5 ਜੁਲਾਈ 2022 ਨੂੰ ਦੁਪਹਿਰ 3 ਵਜੇ ਤੱਕ ਸਾਦੇ ਕਾਗਜ਼ ’ਤੇ ਭਰ ਕੇ ਪਹੁੰਚਾ ਸਕਦੇ ਹਨ ਅਤੇ ਅਗਲੇ ਦਿਨ 6 ਜੁਲਾਈ ਨੂੰ ਸਵੇਰੇ 11 ਵਜੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਜਲੰਧਰ ਦੇ ਦਫ਼ਤਰ, ਕਮਰਾ ਨੰਬਰ 19 ਵਿੱਚ ਟੈਂਡਰਕਾਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧਾਂ ਦੀ ਮੌਜੂਦਗੀ ਵਿੱਚ, ਜੋ ਹਾਜ਼ਰ ਹੋਣਾ ਚਾਹੁੰਣਗੇ, ਦੀ ਹਾਜ਼ਰੀ ਵਿੱਚ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਟੈਂਡਰ ਦੀ ਪੇਸ਼ਕਸ ਕੀਮਤ ਦਾ 10 ਫੀਸਦ ਟੈਂਡਰਕਾਰਾਂ ਨੂੰ ਬਤੌਰ ਸਕਿਓਰਿਟੀ ਡਿਮਾਂਡ ਡਰਾਫ਼ਟ ਰਾਹੀਂ, ਜੋ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਓ ਐਂਡ ਐਮ. ਸੁਸਾਇਟੀ,ਜਲੰਧਰ ਦੇ ਨਾਮ ’ਤੇ ਹੋਵੇਗਾ, ਜਮ੍ਹਾ ਕਰਵਾਉਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਜੇਕਰ ਟੈਂਡਰ ਜਮ੍ਹਾ ਕਰਵਾਉਣ ਜਾਂ ਖੁੱਲ੍ਹਣ ਵਾਲੇ ਦਿਨ ਜਨਤਕ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਟੈਂਡਰ ਅਗਲੇ ਕੰਮ ਵਾਲੇ ਦਿਨ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਓਪਰੇਸ਼ਨ ਐਂਡ ਮੈਨਟੀਨੈਂਸ ਸੁਸਾਇਟੀ, ਜਲੰਧਰ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਬੋਲੀ ਜਾਂ ਸਾਰੀਆਂ ਬੋਲੀਆਂ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਨ।