ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)”” ਪੰਜਾਬ ਦੀ ਧਰਤੀ ਉਪੱਰ ਦਹਿਸ਼ਤਗਰਦਾ ਵੱਲੋਂ ਚਿੱਟੇ ਦਿਨ ਕਤਲ ਕੀਤੇ ਗਏ ਪੰਜਾਬ ਦੇ ਪ੍ਰਸਿੱਧ ਗਾਇਕ ਸੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਚੁਫੇਰੇ ਜਿੱਥੇ ਸੋਗ ਦੀ ਲਹਿਰ ਛਾਈ ਹੋਈ ਹੈ ਉੱਥੇ ਹੀ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਨੂੰ ਰੱਜ ਕੇ ਕੋਸਿਆ ਵੀ ਜਾ ਰਿਹਾ ਹੈ ਜਿਹਨਾਂ ਦੀ ਅਣਗਿਹਲੀ ਨਾਲ ਇਹ ਦੁਖਾਂਦ ਵਾਪਰਿਆ।ਕਾਰਨ ਚਾਹੇ ਕੁਝ ਵੀ ਰਹੇ ਹੋ ਪਰ ਬੁੱਢੇ ਮਾਪਿਆਂ ਦਾ ਇੱਕਲੋਤਾ ਪੁੱਤ ਸਹਾਰਾ ਖੋਹਣਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਦਾ ਕਲੇਜਾ ਚੀਰਦਾ ਹੈ।ਮਰਹੂਮ ਸਿੱਧੂ ਮੂਸੇਵਾਲੇ ਨੂੰ ਚਾਹੁੰਣ ਵਾਲੇ ਪੂਰੀਆਂ ਦੁਨੀਆਂ ਵਿੱਚ ਵੱਡੀ ਤਦਾਦ ਵਿੱਚ ਹਨ ਤੇ ਦੁਨੀਆਂ ਭਰ ਵਿੱਚ ਉਸ ਦੀ ਬੇਵਕਤੀ ਮੌਤ ਉਪੱਰ ਲੋਕਾਂ ਵੱਲੋਂ ਉਸ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।ਇਟਲੀ ਦੇ ਸੂਬੇ ਲਾਸੀਓ ਦੇ
ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਮਰਹੂਮ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਭਾਰਤੀ ਭਾਈਚਾਰੇ ਵੱਲੋਂ ਕੈਂਡਲ ਮਾਰਚ ਕਰਦਿਆਂ ਉਸ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਅਤੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਉਸ ਦੀ ਮੌਤ ਦੇ ਜਿੰਮੇਵਾਰ ਲੋਕਾਂ ਉਪੱਰ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਪ੍ਰਵਾਸੀ ਭਾਰਤੀ ਖਾਸਕਰ ਬੱਚਿਆਂ ਅੰਦਰ ਇੱਕ ਅਜੀਬ ਤਰ੍ਹਾਂ ਦਾ ਡਰ ਹੈ ਜਿਸ ਕਾਰਨ ਬੱਚੇ ਪੰਜਾਬ ਜਾਣ ਤੋਂ ਕੰਨੀ ਕਤਰਾ ਰਹੇ ਹਨ ।ਵਿਦੇਸ਼ਾਂ ਵਿੱਚ ਜੰਮੇ ਭਾਰਤੀ ਬੱਚੇ ਤਾਂ ਪਹਿਲਾਂ ਹੀ ਭਾਰਤਤੇ ਪੰਜਾਬ ਵਿੱਚ ਘਟ ਰਹੀਆਂ ਅਣਸੁਖਾਵਿਆਂ ਘਟਨਾਵਾਂ ਕਾਰਨ ਭਾਰਤ ਜਾਣ ਤੋਂ ਪਾਸਾ ਵੱਟੀ ਬੈਠੇ ਹਨ ਤੇ ਹੁਣ ਸਿੱਧੂ ਮੂਸੇ ਵਾਲੇ ਦੀ ਮੌਤ ਵਾਲੀ ਵਾਰਦਾਤ ਨਾਲ ਇਹਨਾਂ ਬੱਚਿਆਂ
ਵਿੱਚ ਹੋਰ ਵੀ ਜਿ਼ਆਦਾ ਡਰ ਦਿਲਾਂ ਵਿੱਚ ਘਰ ਕਰ ਗਿਆ ਹੈ ਜਿਹੜਾ ਕਿ ਮਾਪਿਆਂ ਲਈ ਬਹੁਤ ਹੀ ਪ੍ਰੇਸ਼ਾਨੀ ਦਾ ਸਵੱਸ ਬਣ ਰਿਹਾ ਹੈ।ਮਾਪੇ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਭਾਰਤ ਜਾਣਾ ਚਾਹੁੰਦੇ ਹਨ ਪਰ ਬੱਚੇ ਨਾਹ-ਨੁੱਕਰ ਕਰ ਰਹੇ ਹਨ ।ਅਜਿਹੀ ਸਥਿਤੀ ਵਿੱਚ ਪ੍ਰਵਾਸੀ ਭਾਰਤੀ ਮਾਪੇ ਕਿੱਥੇ ਜਾਣ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ।ਇਸ ਮੌਕੇ ਇਟਲੀ ਦੇ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਜੋ਼ਰਦਾਰ ਮੰਗ ਕੀਤੀ ਹੈ ਕਿ ਸਰਕਾਰ ਦੇਸ਼ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਜਲਦ ਸਥਿਰ ਕਰਨ ਤਾਂ ਜੋ ਉਹ ਬਿਨ੍ਹਾਂ ਕਿਸੇ ਸੰਕੋਚ ਤੇ ਡਰ ਤੋਂ ਉਹ ਪੰਜਾਬ ਆ ਸਕਣ ।ਇਸ ਮੌਕੇ ਹਾਜ਼ਰ ਭਾਰਤੀਆਂ ਨੇ
ਸਿੱਧੂ ਮੂਸੇ ਵਾਲੇ ਦੀ ਮੌਤ ਨਾਲ ਪੰਜਾਬੀ ਸੰਗੀਤ ਨੂੰ ਕਦੇਂ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆ ਕਿਹਾ ਕਿ ਪੰਜਾਬ ਦੇ ਮਰਹੂਮ ਮੂਸੇ ਵਾਲਾ ਲੋਕਾਂ ਦੇ ਦਿਲਾਂ ਵਿੱਚ ਸਦਾ ਹੀ ਅਮਰ ਰਹੇਗਾ।