ਨਿਊਯਾਰਕ/ਲੁਧਿਆਣਾ (ਰਾਜ ਗੋਗਨਾ )— ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬੀਆਂ ਨੂੰ ਰੇਤ ਸਸਤੀ ਚਾਹੀਦੀ ਹੈ, ਸ਼ਰਾਬ ਨਹੀਂ, ਘਰ ਬਣਾਉਣੇ ਚਾਹੀਦੇ ਹਨ, ਨਾ ਕਿ ਬਰਬਾਦ ਕਰਨੇ ਹਨ। ਪਵਨ ਦੀਵਾਨ ਨੇ ਕਿਹਾ ਕਿ ਸ਼ਰਾਬ ਸਸਤੀ ਹੋਣ ਕਾਰਨ ਜਨਤਾ ਨੂੰ ਕੋਈ ਫਾਇਦਾ ਨਹੀਂ ਹੈ। ਸ਼ਰਾਬ ਪੀ ਕੇ ਲੋਕਾਂ ਦੇ ਘਰ ਬਰਬਾਦ ਹੋ ਜਾਂਦੇ ਹਨ। ਦੂਜੇ ਪਾਸੇ, ਘਰ ਬਣਾਉਣ ਵਿੱਚ ਰੇਤ ਦਾ ਮਹੱਤਵ ਹੈ, ਜਿਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਤਾਂ ਅਜਿਹੀ ਸਥਿਤੀ ਹੈ ਕਿ ਲੋਕਾਂ ਨੂੰ ਰੇਤ ਬਿਲਕੁਲ ਨਹੀਂ ਮਿਲ ਰਹੀ। ਪਵਨ ਦੀਵਾਨ ਨੇ ਕਿਹਾ ਕਿ ਰੇਤਾ ਲੋਕਾਂ ਦੀਆਂ ਮੁੱਖ ਲੋੜਾਂ ਵਿੱਚੋਂ ਇੱਕ ਹੈ। ਜਿਸ ਨਾਲ ਘਰ ਬਣਦੇ ਹਨ ਅਤੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਸ਼ਰਾਬ ਸਸਤੀ ਕਰਨ ਦੀ ਬਜਾਏ ਰੇਤ ਸਸਤੀ ਕਰੇ, ਤਾਂ ਜੋ ਲੋਕਾਂ ਨੂੰ ਆਪਣੇ ਘਰ ਬਣਾਉਣੇ ਸੌਖੇ ਹੋ ਸਕਣ।