ਤੁਰਕੀ ਹੁਣ ਤੁਰਕੀਯੇ ਦੇ ਨਾਂ ਤੋਂ ਜਾਣਿਆ ਜਾਏਗਾ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਦੀ ਸਰਕਾਰ ਨੇ ਦਸੰਬਰ ਵਿੱਚ ਇਸ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਸੰਯੁਕਤ ਰਾਸ਼ਟਰ ਸੰਗਠਨ ਨੇ ਵੀ ਇਸ ਨਵੇਂ ਨਾਂ ਨੂੰ ਮਾਣਤਾ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਸੰਗਠਨ (ਯੂ.ਐੱਨ.) ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਬੁੱਧਵਾਰ ਨੂੰ ਕਿਹਾ – ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਹੁਣ ਉਨ੍ਹਾਂ ਦੇ ਦੇਸ਼ ਨੂੰ ਤੁਰਕੀ ਨਹੀਂ ਸਗੋਂ ਤੁਰਕੀਯੇ ਦੇ ਨਾਂ ਨਾਲ ਜਾਣਿਆ ਜਾਵੇ, ਅਸੀਂ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਦਰਅਸਲ ਸਰਕਾਰ ਦੁਨੀਆ ਵਿੱਚ ਤੁਰਕੀਯੇ ਨੂੰ ਬ੍ਰਾਂਡ ਨੇਮ ਬਣਾਉਣਾ ਚਾਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਤੁਰਕੀ ਜਾਂ ਤੁਰਕੀ ਸ਼ਬਦ ਨੂੰ ਉਥੋਂ ਦੀ ਭਾਸ਼ਾ ਮੁਤਾਬਕ ਨੈਗੇਟਿਵ ਮੰਨਿਆ ਜਾਂਦਾ ਹੈ। ਇਸ ਕਰਕੇ ਇੱਥੋਂ ਦੇ ਨਾਗਰਿਕ 1923 ਵਿੱਚ ਤੁਰਕੀ ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਤੋਂ ਹੀ ਇਸ ਨੂੰ ‘ਤੁਰਕੀਏ’ ਕਹਿ ਕੇ ਬੁਲਾਉਂਦੇ ਆ ਰਹੇ ਹਨ। ਏਰਦੋਆਨ ਲੰਬੇ ਸਮੇਂ ਤੋਂ “ਤੁਰਕੀਏ” (ਉਚਾਰਨ: ਤੁਰ-ਕੀ-ਯਾਯ) ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੀ ਮਾਨਤਾ ਤੋਂ ਬਾਅਦ ਇਹ ਕੋਸ਼ਿਸ਼ ਹੁਣ ਸਫ਼ਲਤਾ ਵਿੱਚ ਬਦਲ ਗਈ ਹੈ।