ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ)- ਸਕਾਟਲੈਂਡ ਦੀ ਉੱਤਰੀ ਲਨਾਰਕਸ਼ਾਇਰ ਕੌਂਸਲ ‘ਚ ਪੈਂਦੇ ਕਸਬੇ ਕੋਟਬਿ੍ਜ ਵਿਚ ਡਾਕਟਰੀ ਸੇਵਾਵਾਂ ਨਿਭਾ ਚੁੱਕੇ ਭਾਰਤੀ ਮੂਲ ਦੇ ਡਾਕਟਰ ਕਿ੍ਸ਼ਨ ਸਿੰਘ (72) ਨੂੰ 1983 ਤੋਂ 2018 ਦਰਮਿਆਨ ਲਗਭਗ ਚਾਰ ਦਹਾਕਿਆਂ ਤੋਂ ਮਰੀਜ਼ਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਜੁਰਮ ‘ਚ ਗਲਾਸਗੋ ਹਾਈਕੋਰਟ ਦੇ ਜੱਜ ਨੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ | ਹਾਈਕੋਰਟ ਨੇ ਡਾਕਟਰ ਸਿੰਘ ਨੂੰ ਪਿਛਲੇ ਮਹੀਨੇ 48 ਮਰੀਜ਼ਾਂ ਨੂੰ ਚੁੰਮਣ, ਗਲੇ ਲਗਾਉਣ, ਗੰਦੀਆਂ ਟਿੱਪਣੀਆਂ ਅਤੇ ਅਣਉਚਿਤ ਹਰਕਤਾਂ ਕਰਨ ਲਈ 54 ਜਿਨਸੀ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਸੀ | ਪੀੜਤ ਮਰੀਜ਼ਾਂ ਵਿਚ ਜਬਰ ਜਨਾਹ ਪੀੜਤ, ਕਿਸ਼ੋਰ ਬੱਚੇ ਅਤੇ ਗਰਭਵਤੀ ਔਰਤਾਂ ਵੀ ਸਨ | ਜ਼ਿਕਰਯੋਗ ਹੈ ਕਿ 2013 ਵਿਚ ਡਾਕਟਰ ਕਿ੍ਸ਼ਨ ਸਿੰਘ ਨੂੰ ਐਮ.ਬੀ.ਈ. ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ, ਹਾਲਾਂਕਿ ਉਦੋਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ |