ਇਸ ਕਦਮ ਦਾ ਉਦੇਸ਼ ਜ਼ਿਲ੍ਹੇ ’ਚ ਨਿਵੇਸ਼ ਲਈ ਵਪਾਰਕ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
ਜ਼ਿਲ੍ਹਾ ਪੱਧਰੀ ਕਮੇਟੀ ਪਾਸ ਉਦਯੋਗਾਂ ਲਈ ਰਿਆਇਤਾਂ ਸਬੰਧੀ ਕੋਈ ਮਾਮਲਾ ਬਕਾਇਆ ਨਹੀਂ
ਜਲੰਧਰ,- ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 2727.93 ਲੱਖ ਰੁਪਏ ਦਾ ਨਿਵੇਸ਼ ਕਰਕੇ ਜਲੰਧਰ ਵਿੱਚ ਆਪਣੇ ਉਦਯੋਗ ਸਥਾਪਤ ਕਰਨ ਲਈ 10 ਕਾਰੋਬਾਰੀ ਘਰਾਣਿਆਂ ਨੂੰ ਵੱਡੇ ਪੱਧਰ ’ਤੇ ਰਿਆਇਤਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ 2017 ਅਤੇ ਫਿਸਕਲ ਇੰਸੈਂਟਿਵ ਫਾਰ ਇੰਡਸਟ੍ਰੀਅਲ ਪ੍ਰੋਮੋਸ਼ਨ ਪਾਲਿਸੀ 2013 ਦੇ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ 100 ਫੀਸਦੀ ਬਿਜਲੀ ਡਿਊਟੀ ਵਿੱਚ ਛੋਟ ਤੋਂ ਲੈ ਕੇ ਸੀ.ਐਲ.ਯੂ. ਚਾਰਜਿਜ਼ ਤੋਂ ਛੋਟ, ਸਟੈਂਪ ਡਿਊਟੀ ਅਤੇ ਵੈਟ ਤੇ ਜੀਐਸਟੀ ਮੁਆਫੀ ਤੱਕ ਦੀਆਂ ਰਿਆਇਤਾਂ ਨੂੰ ਪ੍ਰਵਾਨਗੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਰਿਆਇਤ ਪ੍ਰਾਪਤ ਕਰਨ ਵਾਲੇ ਉਦਯੋਗਾਂ ਵਿੱਚ ਡੀਐਸ ਇੰਡਸਟਰੀਜ਼, ਵੰਡਰਲੈਂਡ ਫਾਰਮਜ਼, ਗੋਲਡ ਰੇਂਜ ਕਾਸਟਿੰਗ ਪ੍ਰਾਈਵੇਟ ਲਿਮਟਿਡ, ਡਿਵੀਨਿਟੀ ਵੈਲਨੈੱਸ ਪ੍ਰਾਈਵੇਟ ਲਿਮਟਿਡ, ਨਿਵੀਆ ਸਿੰਥੈਟਿਕ ਪ੍ਰਾਈਵੇਟ ਲਿਮਟਿਡ, ਜੇ.ਕੇ. ਇੰਟਰਨੈਸ਼ਨਲ, ਰਾਜਹੰਸ ਇੰਟਰਨੈਸ਼ਨਲ, ਕੋਹਿਨੂਰ ਇੰਡੀਆ ਪ੍ਰਾਈਵੇਟ ਲਿਮਟਿਡ, ਸੰਤ ਵਾਲਵਸ ਪ੍ਰਾਈਵੇਟ ਲਿਮਟਿਡ ਅਤੇ ਸ਼ਾਰਪ ਚੱਕਸ ਤੇ ਮਸ਼ੀਨਜ਼ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰਵਾਨਗੀ ਨਾਲ ਰਿਆਇਤਾਂ ਸਬੰਧੀ ਸਾਰੇ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਪਾਸ ਕੋਈ ਵੀ ਕੇਸ ਬਕਾਇਆ ਨਹੀਂ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਨਅਤਾਂ ਵੱਲੋਂ ਜਲੰਧਰ ਵਿੱਚ ਨਵੀਆਂ ਸਨਅਤੀ ਇਕਾਈਆਂ ਸਥਾਪਤ ਕਰਕੇ 2727.93 ਲੱਖ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਵੀਂਆਂ ਇਕਾਈਆਂ ਸਥਾਪਤ ਕਰਨ ਖਾਤਰ ਨਿਵੇਸ਼ਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਦੱਸਿਆ ਕਿ ਉਦਯੋਗਾਂ ਦੀ ਸਹਾਇਤਾ ਲਈ ਪਹਿਲਾਂ ਹੀ ਇੱਕ ਵਿਆਪਕ ਕਾਰਜਵਿਧੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਬਿਜ਼ਨਸ ਫਸਟ ਪੋਰਟਲ ਅਧੀਨ ਨਵੀਆਂ ਇਕਾਈਆਂ ਲਈ ਤੁਰੰਤ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ, ਅਜਿਹੇ ਕਈ ਇਤਰਾਜ਼ਹੀਣਤਾ ਸਰਟੀਫਿਕੇਟ ਕਾਰੋਬਾਰੀ ਘਰਾਣਿਆਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਜਲਦੀ ਤੋਂ ਜਲਦੀ ਆਪਣੇ ਉਦਯੋਗ ਸ਼ੁਰੂ ਕਰ ਸਕਣ। ਉਨ੍ਹਾਂ ਵਪਾਰੀ ਵਰਗ ਨੂੰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਦੀ ਅਪੀਲ ਕੀਤੀ ਕਿਉਂਜੋ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਪਹਿਲਾਂ ਹੀ ਉਦਯੋਗ ਪੱਖੀ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਵੇਸ਼ ਨਾ ਸਿਰਫ਼ ਜਲੰਧਰ ਨੂੰ ਉੱਚ ਵਿਕਾਸ ਦੀ ਲੀਹਾਂ ‘ਤੇ ਲੈ ਕੇ ਜਾਵੇਗਾ ਸਗੋਂ ਰੋਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਹਰਜਿੰਦਰ ਸਿੰਘ ਜੱਸਲ, ਜ਼ਿਲ੍ਹਾ ਉਗਯੋਗਿਕ ਕੇਂਦਰ ਦੇ ਜਨਰਲ ਮੈਨੇਜਰ ਦੀਪ ਸਿੰਘ ਗਿੱਲ ਤੇ ਫੰਕਸ਼ਨਲ ਮੈਨੇਜਰ ਮਨਜੀਤ ਲਾਲੀ, ਡੀ.ਬੀ.ਆਈ.ਆਈ.ਪੀ. ਦੇ ਸੀਨੀਅਰ ਸਲਾਹਕਾਰ ਸਟੀਫਨ ਐਸ.ਜੇ.ਐਸ., ਬੀ.ਐਫ.ਓ. ਪਾਰਸ ਮਲਹੋਤਰਾ ਆਦਿ ਮੌਜੂਦ ਸਨ।