ਰਈਆ (ਕਮਲਜੀਤ ਸੋਨੂੰ)— ਲੋਕ ਨਿਰਮਾਣ ਵਿਭਾਗ ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਵਿਖੇ ਵੱਖ ਵੱਖ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਹੋਏ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਇਨ੍ਹਾਂ ਦੀ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇ।ਸ: ਹਰਭਜਨ ਸਿੰਘ ਨੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦਿਆਂ ਕਿਹਾ ਕਿ ਗਹਿਰੀ ਮੰਡੀ ਤੋਂ ਖਜਾਲਾ ਸੜਕ ਉਪਰ ਅੰਮ੍ਰਿਤਸਰ-ਦਿੱਲੀ ਰੇਲਵੇ ਕਰਾਸਿੰਗ ਤੇ ਇਕ ਆਰ:ਓ:ਬੀ ਪ੍ਰਾਜੈਕਟ ਦੀ ਫਿਜੀਬਲਟੀ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਆਰ:ਓ:ਬੀ ਨਾਲ ਇਲਾਕਾ ਵਾਸੀਆਂ ਨੂੰ ਅਤੇ ਇਸ ਇਲਾਕੇ ਵਿੱਚ ਪੈਂਦੀਆਂ ਮੰਡੀਆਂ, ਸਟੋਰੇਜ, ਯਾਰਡਜ਼ ਆਦਿ ਦੇ ਹੈਵੀ ਟ੍ਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਵਿੱਚ ਕਾਫੀ ਸਹੂਲਤ ਮਿਲੇਗੀ। ਸ੍ਰ ਹਰਭਜਨ ਸਿੰਘ ਨੇ ਇਸ ਤੋਂ ਇਲਾਵਾ ਅੱਡਾ ਬੋਪਾਰਾਏ ਤੋਂ ਗਹਿਰੀ ਮੰਡੀ ਤੱਕ ਯੂ:ਬੀ:ਡੀ:ਸੀ ਕਨਾਲ ਦੀ ਪਟੜੀ ਦੇ ਨਾਲ ਨਾਲ ਨਵੀਂ ਸੜਕ ਦੀ ਉਸਾਰੀ ਕੀਤੇ ਜਾਣ ਦੇ ਪ੍ਰਾਜੈਕਟ ਬਾਰੇ ਵੀ ਜਾਇਜਾ ਲਿਆ।ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ-ਜਲੰਧਰ ਤੋਂ ਗਹਿਰੀ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਲਈ ਨਵੇਂ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੜਕ ਤੇ ਬਣੇ ਬਰਮਾ ਨੂੰ ਪੱਕਾ ਕਰਨ ਲਈ ਇੰਟਰਲਾਕਿੰਗ ਟਾਈਲਾਂ ਦਾ ਉਪਬੰਧ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਲਕਾ ਜੰਡਿਆਲਾ ਦੀਆਂ 5 ਅਹਿਮ ਸੜਕਾਂ ਨੂੰ ਨਬਾਰਡ ਪ੍ਰਪੋਜਲ ਵਿੱਚ ਲੈਂਦੇ ਹੋਏ, ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਦਾ ਪ੍ਰਪੋਜਲ ਤਿਆਰ ਕਰਨ ਲਈ ਕਿਹਾ। ਕੈਬਨਿਟ ਮੰਤਰੀ ਵੱਲੋਂ ਜੰਡਿਆਲਾ ਬਾਈਪਾਸ ਨੂੰ ਸੂਏ ਦੇ ਨਾਲ ਨਾਲ ਲਿਜਾਣ ਲਈ ਨਵੀਂ ਤਜਵੀਜ ਤਿਆਰ ਕਰਨ ਦੇ ਆਦੇਸ਼ ਵੀ ਦਿੱਤੇ। ਸ੍ਰ ਹਰਭਜਨ ਸਿੰਘ ਵੱਲੋਂ ਜੰਡਿਆਲਾ ਕਸਬੇ ਦੇ ਬਾਹਰਵਾਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਹੋਏ ਸਪਸ਼ਟ ਸ਼ਬਦਾ ਵਿੱਚ ਕਿਹਾ ਕਿ ਗੁਣਵੱਤਾ ਦੇ ਕੰਮਾਂ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਐਕਸੀਅਨ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।