ਜਲੰਧਰ (ਖੁਸ਼ਬੂ ਪੰਜਾਬ ਦੀ)- ਜਲੰਧਰ ਵਿਚ ਵਿਕਾਸ ਕੰਮਾਂ ਦੇ ਉਦਘਾਟਨ ਨੂੰ ਲੈ ਕੇ ਇਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਜਲੰਧਰ ਕੈਂਟ ਤੋਂ ਬਾਅਦ ਹੁਣ ਜਲੰਧਰ ਵੈਸਟ ਹਲਕੇ ਵਿਚ ਉਦਘਾਟਨ ਕ੍ਰੈਡਿਟ ਲੈਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਵਿਚ ਸ਼ੋਸ਼ਲ ਮੀਡੀਆ ’ਤੇ ਜੰਗ ਹੋ ਗਈ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਅੱਜ ਵਿਧਾਨ ਸਭਾ ਜਲੰਧਰ ਵੈਸਟ ਵਿਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਵਿਕਾਸ ਕੰਮਾਂ ਦੀ ਲੜੀ ’ਚ 120 ਫੁੱਟ ਰੋਡ ਦਾ ਨਿਰਮਾਣ ਕਾਰਜ ਨਵੇਂ ਸੁਝਾਆਂ ਤੇ ਸੁਧਾਰਾਂ ਦੇ ਨਾਲ ਉਦਘਾਟਨ ਕੀਤਾ। ਇਸ ਤੋਂ ਤੁਰੰਤ ਬਾਅਦ ਸਾਬਕਾ ਵਿਧਾਇਕ ਰਿੰਕੂ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ 120 ਫੁੱਟੀ ਰੋਡ ਦੇ ਕੰਮ ਦੀ ਵਿਜੀਲੈਂਸ ਜਾਂਚ ਕਰਵਾਉਣ ਵਾਲੇ ਚੱਲ ਰਹੇ ਕੰਮ ਦਾ ਫਿਰ ਤੋਂ ਉਦਘਾਟਨ ਕਰ ਰਹੇ ਹਨ। ਇਹੀ ਨਹੀਂ ਸ਼ੁਸ਼ੀਲ ਰਿੰਕੂ ਨੇ ਲਿਖਿਆ ਇਹ ਪਬਲਿਕ ਹੈ ਸਭ ਜਾਣਦੀ ਹੈ।
ਵਿਜੀਲੈਂਸ ਜਾਂਚ ਕਰਵਾਈ ਜਾਵੇਗੀ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਨਾਲ ਮੀਟਿੰਗ ਕਰਕੇ ਦੋਸ਼ ਲਗਾਇਆ ਸੀ ਕਿ ਵੈਸਟ ਹਲਕੇ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਵੱਡੇ ਪੱਧਰ ’ਤੇ ਧਾਂਦਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਕੰਮਾਂ ’ਚ ਕਰੋੜਾਂ ਰੁਪਏ ਦੀ ਧਾਂਦਲੀ ਹੋ ਰਹੀ ਹੈ ਇਸ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।
ਹੁਣ ਜਦੋਂ ਉਸੇ ਕੰਮ ਨੂੰ ਸ਼ੀਤਲ ਅੰਗੁਰਾਲ ਨੇ ਉਦਘਾਟਨ ਕੀਤਾ ਤਾਂ ਖੁਦ ਸਾਬਕਾ ਵਿਧਾਇਕ ਰਿੰਕੂ ਨੇ ਸ਼ੀਤਲ ਅੰਗੁਰਾਲ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ।