ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ’ਚ ਕੇਨੈਡੀਅਨ ਕੌਂਸਲ ਜਨਰਲ ਨਾਲ ਜਲੰਧਰ ’ਚ ਮੁਲਾਕਾਤ
ਕਿਹਾ, ਕੇਨੈਡੀਅਨ ਸਰਕਾਰ ਇਸ ਮਸਲੇ ’ਤੇ ਕਿਊਬੈਕ ਦੀ ਫੈਡਰਲ ਸਰਕਾਰ ਦੇ ਸਹਿਯੋਗ ਨਾਲ ਕੰਮ ਕਰ ਰਹੀ
ਸਥਾਨਕ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕੇਨੈਡੀਅਨ ਅਰਥ ਵਿਵਸਥਾ ’ਚ ਨਿਵੇਸ਼ ਕਰਨ ਦਾ ਵੀ ਦਿੱਤਾ ਸੱਦਾ
ਜਲੰਧਰ – ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਵਲੋਂ ਕੇਨੈਡਾ ਦੇ ਕੌਂਸਲ ਜਨਰਲ ਪੈਟਰਿਕ ਹੇਬਰਟ ਨਾਲ ਕੇਨੈਡਾ ਵਿਖੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਵਿਦਿਅਕ ਸੰਸਥਾਵਾਂ ਵਿੱਚ ਪੰਜਾਬੀ ਵਿਦਿਆਰਥੀਆਂ ਵਲੋਂ ਲੱਖਾਂ ਰੁਪਏ ਖ਼ਰਚ ਕੇ ਲਏ ਗਏ ਦਾਖਲੇ ਸਬੰਧੀ ਮੁੱਦਿਆਂ ਨੂੰ ਉਠਾਇਆ ਗਿਆ ਜਿਸ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲ ਜਨਰਲ ਵਲੋਂ ਅੱਜ ਜਲੰਧਰ ਵਿਖੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਜਿਥੇ ਉਨ੍ਹਾਂ ਵਲੋਂ ਆਪਸੀ ਹਿੱਤਾਂ ਨਾਲ ਸਬੰਧਿਤ ਅਨੇਕਾਂ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੌਂਸਲ ਜਨਰਲ ਨੂੰ ਇਨ੍ਹਾਂ ਮੁੱਦਿਆਂ ਸਬੰਧੀ ਜਾਣੂੰ ਕਰਵਾਉਂਦਿਆਂ ਦੱਸਿਆ ਗਿਆ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਨ ਜਿਨਾਂ ਨੂੰ ਏਜੰਟਾਂ ਵਲੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਦੁਆਇਆ ਜਾ ਰਿਹਾ ਹੈ ਜੋ ਕਿ ਬੰਦ ਹੋਣ ਦੀ ਕਗਾਰ ’ਤੇ ਹਨ ਅਤੇ ਕੇਨੈਡੀਅਨ ਸਰਕਾਰ ਵਲੋਂ ਅਜਿਹੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਂਸਲ ਜਨਰਲ ਵਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਮੁੱਦਾ ਪਹਿਲਾਂ ਹੀ ਵਿਚਾਰ ਅਧੀਨ ਹੈ ਅਤੇ ਕੇਨੈਡੀਅਨ ਸਰਕਾਰ ਕਿਊਬੈਕ ਸਰਕਾਰ ਨਾਲ ਮਿਲ ਕੇ ਇਸ ਮਸਲੇ ਦੇ ਹੱਲ ਲਈ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਹੇਬਰਟ ਨਾਲ ਆਪਸੀ ਹਿੱਤਾਂ ਨਾਲ ਸਬੰਧਿਤ ਬਹੁਤ ਸਾਰੇ ਮੁੱਦਿਆਂ ਜਿਨ੍ਹਾਂ ਵਿੱਚ ਸਥਾਨਕ ਵਪਾਰੀਆਂ ਅਤੇ ਉਦਯੋਗਪਤੀਆਂ ਵਲੋਂ ਕੇਨੈਡੀਅਨ ਆਰਥਿਕਤਾ ਵਿੱਚ ਨਿਵੇਸ਼ ਕਰਨ ਤੋਂ ਇਲਾਵਾ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਨਾ ਸ਼ਾਮਿਲ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਕੌਂਸਲ ਜਨਰਲ ਵਲੋਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਖੋਜ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦਿਆਂ ਕੇਨੈਡਾ ਵਿੱਚ ਵਪਾਰਕ ਘਰਾਣਿਆਂ ਅਤੇ ਉਦਯੋਗਪਤੀਆਂ ਵਲੋਂ ਕੀਤੇ ਜਾਣ ਵਾਲੇ ਨਿਵੇਸ਼ ਦਾ ਸਵਾਗਤ ਕੀਤਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਦਹਾਕਿਆਂ ਤੋਂ ਕੇਨੈਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਲੋਂ ਕੇਨੈਡਾ ਦੇ ਵਿਕਾਸ ਵਿੱਚ ਪਾਏ ਜਾ ਰਹੇ ਵੱਡੇਮੁੱਲੇ ਯੋਗਦਾਨ ’ਤੇ ਚਾਨਣਾ ਪਾਇਆ ਗਿਆ, ਜਿਨ੍ਹਾਂ ਵਲੋਂ ਕੇਨੈਡੀਅਨ ਅਰਥ ਵਿਵਸਥਾ ਵਿੱਚ ਮਹੱਤਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ।