ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਇਸ ਵੱਡੀ ਮੁਹਿੰਮ ਲਈ ਤਿਆਰ ਰਹਿਣ ਦੀਆਂ ਹਦਾਇਤਾਂ
ਕਿਹਾ, ਸਮੁੱਚੀ ਗਣਨਾ ਮੋਬਾਇਲ ਐਪਲੀਕੇਸ਼ਨ ਰਾਹੀਂ ਆਨਲਾਈਨ ਕੀਤੀ ਜਾਵੇਗੀ
ਜਲੰਧਰ- ਡਿਪਟੀ ਕਮਿਸ਼ਨਰ-ਕਮ- ਪ੍ਰਿੰਸੀਪਲ ਸੈਂਸਸ ਅਫ਼ਸਰ ਘਨਸ਼ਿਆਮ ਥੋਰੀ ਵਲੋਂ ਅਧਿਕਾਰੀਆਂ ਨੂੰ ਇਸ ਸਾਲ ਦੇ ਅੱਧ ਵਿੱਚ ਸ਼ੁਰੂ ਹੋਣ ਵਾਲੀ ਨਵੀਂ ਗਣਨਾ ਲਈ ਤਿਆਰ ਰਹਿਣ ਲਈ ਹਦਾਇਤਾਂ ਕੀਤੀਆਂ ਗਈਆਂ। ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਵਲੋਂ ਵਰਚੂਅਲ ਜਾਇਜ਼ਾ ਮੀਟਿੰਗ ਵਿੱਚ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਅਹਿਮ ਮੁਹਿੰਮ ਲਈ ਨਿਰਧਾਰਿਤ ਸਮੇਂ ਅੰਦਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ ਤਾਂ ਜੋ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੋਣ ’ਤੇ ਤੁਰੰਤ ਇਸ ’ਤੇ ਕੰਮ ਸ਼ੁਰੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਬੰਧਿਤ ਅਧਿਕਾਰੀਆ ਨੂੰ ਗਣਨਾ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਣਨਾ ਦੋ ਪੜਾਵਾਂ ਵਿੱਚ ਹੋਵੇਗੀ ਜਿਸ ਦੌਰਾਨ ਫੀਲਡ ਅਧਿਕਾਰੀ ਅਲਾਟ ਕੀਤੇ ਗਏ ਖੇਤਰਾਂ ਵਿੱਚ ਜਾ ਕੇ ਨਾਗਰਿਕਾਂ ਪਾਸੋਂ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਗਣਨਾ ਮੋਬਾਇਲ ਐਪਲੀਕੇਸ਼ਨ ਰਾਹੀਂ ਹੋਵੇਗੀ ਜਿਥੇ ਗਿਣਤੀਕਾਰ ਵਲੋਂ ਮੌਕੇ ’ਤੇ ਹੀ ਡਾਟਾ ਫੀਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਫੀਲਡ ਅਧਿਕਾਰੀਆਂ ਦੀ ਸਹੂਲਤ ਲਈ ਖੇਤਰੀ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸਨਰ ਵਲੋਂ ਵੱਖ-ਵੱਖ ਸਰਕਾਰੀ ਸੰਸਥਾਵਾਂ ਜਿਨਾਂ ਵਿੱਚ ਸਿਵਲ ਰਜਿਸਟਰੇਸ਼ਨ ਪ੍ਰਣਾਲੀ, ਮਾਲ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਚਾਇਤ ਵਾਈਜ਼ ਗਣਨਾ ਡਾਟਾ ਦੀ ਪ੍ਰਕਾਸ਼ਨਾ , ਸਲੱਮ ਜਾਣਕਾਰੀ ਸ਼ਾਮਿਲ ਹੈ ਸਬੰਧੀ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਰ ਡਾਟਾ/ਜਾਣਕਾਰੀ ਸੁਚੱਜੇ ਢੰਗ ਨਾਲ ਅਪਲੋਡ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ । ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।