ਸੀਪੀਆਈ(ਐਮ) ਦੀ ਸੂਬਾ ਸਕੱਤਰੇਤ ਦੀ ਆਨਲਾਈਨ ਮੀਟਿੰਗ ਕਾਮਰੇਡ ਲਹਿਬੰਰ ਸਿੰਘ ਤੱਗੜ ਦੀ ਪ੍ਰਧਾਨਗੀ ’ਚ ਹੋਈ| ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ’ਚ ਪੰਚਾਇਤੀ ਚੋਣਾਂ ’ਚ ਧਰਮ ਨਿਰਪੱਖ, ਜਮਹੂਰੀ, ਇਮਾਨਦਾਰ ਅਤੇ ਅਗਾਂਹਵਧੂ ਉਮੀਦਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ| ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਬਹੁਤ ਵੱਡਾ ਮਹੱਤਵ ਹੈ । ਇਸ ਲਈ ਪੰਚਾਇਤੀ ਚੋਣਾਂ ’ਚ ਧਰਮ ਨਿਰਪੱਖ, ਜਮਹੂਰੀ, ਇਮਾਨਦਾਰ ਅਤੇ ਅਗਾਂਹਵਧੂ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਇਹ ਚੋਣਾਂ ਬਿਨਾਂ ਕਿਸੇ ਪੱਖਪਾਤ ਤੋਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਚੋਣਾਂ ’ਚ ਭਾਈਚਾਰਕ ਸਾਂਝ ਨੂੰ ਕੋਈ ਸੱਟ ਨਹੀਂ ਵੱਜਣੀ ਚਾਹੀਦੀ| ਕਾਮਰੇਡ ਸੇਖੋਂ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਪੰਚਾਇਤੀ ਚੋਣਾਂ ’ਚ ਤਾਲਮੇਲ ਕਰਕੇ ਚੰਗੀ ਛਵੀ ਵਾਲੇ ਉਮੀਦਵਾਰਾਂ ਦੀ ਮਦਦ ਕੀਤੀ ਜਾਵੇ| ਕਾਮਰੇਡ ਸੇਖੋਂ ਨੇ ਕਿਹਾ ਕਿ ਦੂਜੇ ਪਾਸੇ ਸਰਕਾਰ ਨੇ ਪੰਚਾਇਤੀ ਚੋਣਾਂ ਕਰਵਾਉਣ ਦਾ ਜੋ ਸਮਾਂ ਤੈਅ ਕੀਤਾ ਹੈ ,ਉਹ ਢੁਕਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਜਾਵੇਗੀ| ਕਿਸਾਨ, ਮਜ਼ਦੂਰ ਝੋਨੇ ਦੇ ਸੀਜ਼ਨ ’ਚ ਰੁੱਝ ਜਾਣਗੇ| ਉਨ੍ਹਾਂ ਕਿਹਾ ਕਿ ਪੰਜਾਬ ’ਚ 87 ਲੱਖ ਤੋਂ ਵੱਧ ਏਕੜ ਝੋਨੇ ਦੀ ਫ਼ਸਲ ਬੀਜੀ ਗਈ ਹੈ ਅਤੇ ਫ਼ਸਲ ਦੀ ਵਢਾਈ ਤੋਂ ਲੈ ਕੇ ਫ਼ਸਲ ਨੂੰ ਮੰਡੀਆਂ ਤੱਕ ਪਹੁੰਚਾਉਣ ਲਈ ਅਕਤੂਬਰ ਦਾ ਪੂਰਾ ਮਹੀਨਾ ਹੀ ਲੰਘ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਝੋਨੇ ਦੇ ਸੀਜ਼ਨ ਦੌਰਾਨ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਪਿੰਡਾਂ ’ਚੋਂ ਹੀ ਆਉਂਦੇ ਹਨ। ਇਸੇ ਤਰ੍ਹਾਂ ਕਿਸਾਨਾਂ ਨੂੰ ਮੰਡੀਆਂ ’ਚ ਫ਼ਸਲ ਵੇਚਣ ਲਈ ਕਈ-ਕਈ ਦਿਨ ਬੈਠਣਾ ਪੈਂਦਾ ਹੈ। ਅਜਿਹੇ ’ਚ ਉਨ੍ਹਾਂ ਨੂੰ ਪੰਚਾਇਤੀ ਵੋਟਾਂ ‘ਚ ਹਿੱਸਾ ਲੈਣ ’ਚ ਦਿੱਕਤ ਪੇਸ਼ ਆਵੇਗੀ।
ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਕਤੂਬਰ ਮਹੀਨੇ ’ਚ ਕਈ ਤਿਉਹਾਰ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਤੰਬਰ ਜਾਂ ਨਵੰਬਰ ਦੇ ਅਖ਼ੀਰ ’ਚ ਪੰਚਾਇਤੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਅਤੇ 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾਂ ’ਚ ਉਮੀਦਵਾਰਾਂ ਦੀ ਛਵੀ ਨੂੰ ਦੇਖ ਕੇ ਹੀ ਵੋਟ ਪਾਉਣ।