ਮਾਨ ਸਰਕਾਰ ਨੇ ਬੁਢਾਪਾ ਪੈਨਸ਼ਨ ਨਾ ਵਧਾ ਕੇ 30 ਲੱਖ ਬਜ਼ੁਰਗਾਂ ਅਤੇ ਵਿਧਵਾ ਭੈਣਾਂ ਨਾਲ ਕੀਤਾ ਧੋਖਾ : ਡਾ: ਸੁਭਾਸ਼ ਸ਼ਰਮਾ
ਭਾਜਪਾ ਉਮੀਦਵਾਰ ਨੇ ਰੋਪੜ, ਕਾਠਗੜ੍ਹ, ਨੂਰਪੁਰ ਬੇਦੀ ਅਤੇ ਲਾਲਪੁਰ ਵਿੱਚ ਕੀਤਾ ਤੂਫਾਨੀ ਚੋਣ ਪ੍ਰਚਾਰ
ਰੋਪੜ/ਨੂਰਪੁਰ ਬੇਦੀ : ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਤੇ ‘ਆਪ’ ਦੇ ਉਮੀਦਵਾਰਾਂ ਵਿਜੇਂਦਰ ਸਿੰਗਲਾ ਅਤੇ ਮਲਵਿੰਦਰ ਕੰਗ ਨੂੰ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ? ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਦੇ ਚੋਣ ਭਾਸ਼ਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਹੁਲ ਕਹਿ ਰਹੇ ਹਨ ਕਿ ਉਨ੍ਹਾਂ ਦੀ ਵੋਟ ਅਰਵਿੰਦ ਕੇਜਰੀਵਾਲ ਨੂੰ ਜਾਵੇਗੀ ਅਤੇ ਕੇਜਰੀਵਾਲ ਆਪਣੀ ਵੋਟ ਰਾਹੁਲ ਨੂੰ ਦੇਣਗੇ। ਡਾ: ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਆਗੂ ਕਦੇ ਵੀ ਇੱਕ ਦੂਜੇ ਦੀਆਂ ਗਲਤੀਆਂ ਵਿਰੁੱਧ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਦੀ ਆਪਸ ਵਿਚ ਸੈਟਿੰਗ ਹੈ। ਉਨ੍ਹਾਂ ਨੇ ਕੰਗ ਅਤੇ ਸਿੰਗਲਾ ਨੂੰ ਸੁਚੇਤ ਕੀਤਾ ਕਿ ਉਹ ਲੋਕਾਂ ਨੂੰ ਮੂਰਖ ਨਾ ਬਣਾਉਣ ਕਿਉਂਕਿ ਜਨਤਾ ਹੁਣ ਸੱਚ ਜਾਣ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਤੋਂ ਬਦਲਾ ਲੈਣ ਲਈ ਕਾਹਲੀ ਚ ਹਨ ।
ਅੱਜ ਰੋਪੜ, ਨੂਰਪੁਰ ਬੇਦੀ ਅਤੇ ਲਾਲਪੁਰ ਵਿਖੇ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਭਗਵੰਤ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਇਸ ਨੂੰ ‘ਝੂਠ ਦੀ ਸਰਕਾਰ’ ਕਰਾਰ ਦਿੱਤਾ। ਡਾ: ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਬਜ਼ੁਰਗਾਂ ਨੂੰ ਵਧੀ ਹੁਈ ਤਾਂ ਦੂਰ ਪੁਰਾਣੀ ਪੈਨਸ਼ਨ ਵੀ ਟਾਈਮ ਸਿਰ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 30 ਲੱਖ ਔਰਤਾਂ, ਜਿਨ੍ਹਾਂ ਵਿੱਚ ਬਜ਼ੁਰਗ ਅਤੇ ਸਾਡੀਆਂ ਵਿਧਵਾ ਭੈਣਾਂ ਵੀ ਸ਼ਾਮਲ ਹਨ, ਨਾਲ ਭਗਵੰਤ ਮਾਨ ਸਰਕਾਰ ਨੇ ਧੋਖਾ ਕੀਤਾ ਹੈ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਰੋਜ਼ਾਨਾ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਰਾਜਨੀਤੀ ਖਤਮ ਹੋ ਚੁੱਕੀ ਹੈ ਅਤੇ ਲੋਕ ਹੁਣ ਮੋਦੀ ਨੂੰ ਮੌਕਾ ਦੇਣਾ ਚਾਹੁੰਦੇ ਹਨ।
ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਡੇਰਾ ਬਾਬਾ ਗੋਸਾਈਂ ਆਣਾ ਕੁਰਾਲੀ ਵਿਖੇ ਮੱਥਾ ਟੇਕਿਆ ਅਤੇ ਬਾਬਾ ਧਨਰਾਜ ਮਹੰਤ ਗਿਰੀ ਜੀ ਦਾ ਆਸ਼ੀਰਵਾਦ ਲਿਆ | ਡਾ: ਸ਼ਰਮਾ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵੀ ਮੱਥਾ ਟੇਕਿਆ । ਭਾਜਪਾ ਉਮੀਦਵਾਰ ਨੇ ਰੋਪੜ, ਨੂਰਪੁਰ ਬੇਦੀ ਅਤੇ ਲਾਲਪੁਰ ਵਿੱਚ ਦਰਜਨ ਦੇ ਕਰੀਬ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਵਰਕਰ ਅਤੇ ਸਥਾਨਕ ਲੋਕ ਉਨ੍ਹਾਂ ਦੇ ਨਾਲ ਸਨ। ਚੋਣ ਪ੍ਰਚਾਰ ਦੌਰਾਨ ਡਾ: ਸੁਭਾਸ਼ ਸ਼ਰਮਾ ਨੂੰ ਪੇਂਡੂ ਜਾਂ ਸ਼ਹਿਰੀ ਖੇਤਰਾਂ ਵਿਖੇ ਬਜ਼ੁਰਗਾਂ, ਔਰਤਾਂ ਅਤੇ ਖਾਸ ਕਰਕੇ ਨੌਜਵਾਨਾਂ ਦਾ ਖਾਸ ਸਹਿਯੋਗ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਾਫ ਸਬੂਤ ਹੈ ਕਿ ਇਸ ਲੋਕ ਸਭਾ ਹਲਕੇ ਵਿੱਚ ਭਾਜਪਾ ਦਾ ਸਮਰਥਨ ਵਧਦਾ ਜਾ ਰਿਹਾ ਹੈ ।