ਮਾਨਸਾ,- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ, ਜਿਸ ਨੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਯੂ-ਟਿਊਬ ਤੋਂ ਨਹੀਂ ਹਟਵਾਈ ਹੈ। ਬਲਕੌਰ ਸਿੰਘ ਅੱਜ ਪਿੰਡ ਮੂਸਾ ਵਿੱਚ ਜੁੜੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਤਲ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ ਤੇ ਕਿਸੇ ਵੀ ਕਤਲ ਮਾਮਲੇ ਵਿੱਚ ਪੁਲੀਸ ਤੇ ਸਰਕਾਰ ਨੇ ਸੰਜੀਦਗੀ ਨਾਲ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਹੁਣ ਦਾਅਵਾ ਕਰ ਰਹੇ ਹਨ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਾਣਦੇ ਹੀ ਨਹੀਂ ਤੇ ਉਸ ਨਾਲ ਉਨ੍ਹਾਂ ਦਾ ਕੀ ਰੌਲਾ ਹੋ ਸਕਦਾ ਹੈ।
ਬਲਕੌਰ ਸਿੰਘ ਨੇ ਸਵਾਲ ’ਚ ਪੁੱਛਿਆ ਕਿ ਕੀ ਸਰਕਾਰ ਜਾਂ ਪੁਲੀਸ ਦੱਸ ਸਕਦੀ ਹੈ ਕਿ ਜੇਕਰ ਗੈਂਗਸਟਰ ਇਸ ਗੱਲ ਨੂੰ ਝੂਠਲਾ ਰਹੇ ਹਨ ਤਾਂ ਸਿੱਧੂ ਮੂਸੇਵਾਲਾ ਦੇ ਸੀਨੇ ’ਚ 32 ਗੋਲੀਆਂ ਕਿਸ ਨੇ ਮਾਰੀਆਂ ਸਨ। ਉਨ੍ਹਾਂ ਕਿਹਾ ਕਿ ਸ਼ੁਭਦੀਪ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਗਰੀਬੀ ’ਚੋਂ ਉੱਠ ਕੇ ਪੜ੍ਹਾਈ ਕਰਕੇ ਤਰੱਕੀ ਕੀਤੀ ਅਤੇ ਕਾਮਯਾਬ ਹੋਇਆ ਅਤੇ ਇਹ ਕਾਮਯਾਬੀ ਕਈਆਂ ਨੂੰ ਹਜ਼ਮ ਨਹੀਂ ਹੋਈ। ਉਹ ਆਪਣੇ ਪੁੱਤਰ ਦੀ ਹੱਤਿਆ ਲਈ ਇਨਸਾਫ਼ ਵਾਸਤੇ ਆਖ਼ਰੀ ਸਾਹ ਤੱਕ ਲੜਦੇ ਰਹਿਣਗੇ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਆਉਂਦੀ ਪੇਸ਼ੀ ਦੌਰਾਨ ਮੁਲਜ਼ਮਾਂ ਖ਼ਿਲਾਫ਼ ਚਾਰਜ ਫਰੇਮ ਜ਼ਰੂਰ ਹੋਣਗੇ।