ਰਾਜਪੁਰਾ, ਬਨੂੜ,(ਤਰੁਣ ਸ਼ਰਮਾ)- ਪੰਜਾਬ ਦੇ ਉਚੇਰੀ, ਸਕੂਲ ਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਅੰਦਰ ਇਨੋਵੇਸ਼ਨ ਤੇ ਸਟਾਰਅੱਪ ਨੂੰ ਬੜਾਵਾ ਦਿੱਤਾ ਹੈ। ਸਿੱਖਿਆ ਮੰਤਰੀ ਅੱਜ ਇੱਥੇ ਚਿਤਕਾਰਾ ਯੂਨੀਵਰਸਿਟੀ ਵਿਖੇ ਕ੍ਰੀਏਟਿਵੇਲੋ ਇੰਡੀਆ, 1ਜੈਨ, ਯੂਥ ਫਾਰ ਪਲੈਨੈਟ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਕ੍ਰੀਏਟਿਵੇਲੋ ਇੰਡੀਆ-2023 (ਪਾਇਲਟ) ਫੈਸਟੀਵਲ ਦੇ ਜੇਤੂਆਂ ਦਾ ਸਨਮਾਨ ਕਰਨ ਪੁੱਜੇ ਸਨ।
ਗ੍ਰੈਂਡ ਫਿਨਾਲੇ ਦੇ ਜੇਤੂ ਵਿਦਿਆਰਥੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਕੇ ਆਪਣੀਆਂ ਸਨਅਤਾਂ ਲਾਉਣ ਲਈ ਪ੍ਰੇਰਿਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਸੂਬੇ ਦੇ ਨੌਜਵਾਨ ਨੌਕਰੀਆਂ ਮੰਗਣ ਦੀ ਥਾਂ ਹੋਰਨਾਂ ਨੂੰ ਰੋਜ਼ਗਾਰ ਦੇਣ ਦੇ ਸਮਰੱਥ ਬਨਣਗੇ। ਉਨ੍ਹਾਂ ਕਿਹਾ ਕਿ ਇਨੋਵੇਸ਼ਨ ਅਤੇ ਸਟਾਰਟਅੱਪ ਨੂੰ ਉਤਸ਼ਾਹਤ ਕਰਨਾ ਪੰਜਾਬ ਸਰਕਾਰ ਦੀ ਪਹਿਲਕਦਮੀ ਹੈ ਤਾਂ ਕਿ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਆਪਣੇ ਸੂਬੇ ਵਿੱਚ ਰਹਿਕੇ ਦੂਜਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਿੱਖਿਆ ਨੂੰ ਆਪਣੀ ਪਹਿਲੀ ਤਰਜੀਹ ਬਣਾਇਆ ਹੈ, ਸਿੱਟੇ ਵਜੋਂ ਸੂਬੇ ਵਿੱਚ ਨਵੀਂ ਸਿੱਖਿਆ ਕਰਾਂਤੀ ਦਾ ਆਗ਼ਾਜ਼ ਹੋਣ ਨਾਲ ਸਕੂਲਾਂ ਕਾਲਜਾਂ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੀ ਨਵੀਂ ਪਹਿਲਕਦਮੀ ਕੀਤੀ ਗਈ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਬਿਜਨੈਸ ਬਲਾਸਟਰ ਸਕੀਮ ਤਹਿਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਿੱਤਾਮੁਖੀ ਸਿਖਲਾਈ ਦਿੰਦਿਆਂ 2000 ਰੁਪਏ ਦੀ ਮਦਦ ਦੇਕੇ ਉਨ੍ਹਾਂ ਵੱਲੋਂ ਬਣਾਈਆਂ ਵਸਤਾਂ ਨੂੰ ਪ੍ਰਦਰਸ਼ਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਹੁਨਰ ਨਿਖਰ ਕੇ ਸਾਹਮਣੇ ਆਇਆ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦਾ ਨਵਾਂ ਭਵਿੱਖ ਸਿੱਖਿਆ ਉਤੇ ਨਿਰਭਰ ਹੈ, ਜਿਸ ਲਈ ਭਗਵੰਤ ਸਿੰਘ ਮਾਨ ਸਰਕਾਰ, ਹਮੇਸ਼ਾ ਨਜ਼ਰ ਅੰਦਾਜ ਕੀਤੇ ਗਏ ਸਿੱਖਿਆ ਵਿਭਾਗ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਸਿੱਖਿਆ ਉਪਰ ਹੀ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ।
ਇਸ ਦੌਰਾਨ ਕੁਇਸਟ, ਆਰ.ਆਈ.ਐਮ.ਟੀ., ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀਆਂ ਖੋਜਾਂ ਦੇ ਅਧਾਰਤ ਵੱਖ-ਵੱਖ ਟਿਕਾਊ ਊਰਜਾ ਨਾਲ ਚੱਲਣ ਵਾਲੇ ਵਾਹਨ ਪ੍ਰਦਸ਼ਤ ਕੀਤੇ, ਜਿਨ੍ਹਾਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਲਾਘਾ ਕੀਤੀ ਅਤੇ ਜੇਤੂ ਟੀਮਾਂ ਨੂੰ ਸਨਮਾਨਤ ਕੀਤਾ।
ਯੂਨੀਵਰਸਿਟੀ ਦੇਪ੍ਰੋ-ਚਾਂਸਲਰ ਮਧੂ ਚਿਤਕਾਰਾ ਨੇ ਕੈਬਨਿਟ ਮੰਤਰੀ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਫੈਸਟੀਵਲ ਦਾ ਮੰਤਵ ਵਾਤਵਾਰਣ ਤਬਦੀਲੀਆਂ ਦੇ ਮੱਦੇਨਜ਼ਰ ਵਿਦਿਆਰਥੀਆਂ ਵੱਲੋਂ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਹੋਏ ਜੋ ਟਿਕਾਊ ਊਰਜਾ ਨੂੰ ਲੈਕੇ ਵਾਹਨਾਂ ਦੇ ਖੇਤਰ ਵਿੱਚ ਨਵੀਂਆਂ ਖੋਜਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਹੋਰ ਉਤਸ਼ਾਹਤ ਕਰਨਾ ਸੀ।
ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ 1 ਜੈਨ ਦੇ ਸੀ.ਈ.ਓ.ਪੌਲ ਸਿੰਘ ਨੇ ਦੱਸਿਆ ਕਿ ਜੇਤੂ ਟੀਮਾਂ ਦੁਬਈ ਵਿਖੇ ਯੁਨਾਇਟਡ ਨੇਸ਼ਨਜ਼ ਵੱਲੋਂ ਇਸ ਸਾਲ ਦੇ ਅਖ਼ੀਰ ਵਿੱਚ ਕਰਵਾਈ ਜਾਣ ਵਾਲੀ ਕਾਨਫਰੰਸ ਆਫ਼ ਪਾਰਟੀਜ਼ 28 ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਕ੍ਰੀਏਟਿਵੇਲੋ ਲਕਜ਼ਮਬਰਗ, ਯੂਰਪ ਦਾ ਉਪਰਾਲਾ ਹੈ, ਜਿਸ ਵੱਲੋਂ ਵਾਤਾਵਰਣਕ ਤਬਦੀਲੀਆਂ ਦੇ ਮੱਦੇਨਜ਼ਰ ਸਸਤੇ ਤੇ ਟਿਕਾਊ ਊਰਜਾ ‘ਤੇ ਚੱਲਣ ਵਾਲੇ ਵਾਹਨਾਂ ਦੀ ਖੋਜ ਲਈ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।