ਚੰਡੀਗੜ੍ਹ : ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਇਹ ਦਾਅਵਾ ਕੀਤਾ ਗਿਆ ਏ ਕਿ ਅਕਾਲੀ ਦਲ ਦਾ ਅੰਦਰਖ਼ਾਤੇ ਭਾਜਪਾ ਨਾਲ ਗਠਜੋੜ ਹੋ ਚੁੱਕਿਆ ਏ, ਜਿਸ ਦੇ ਲਈ ਭਾਜਪਾ ਵੱਲੋਂ ਕੁੱਝ ਸ਼ਰਤਾਂ ਰੱਖੀਆਂ ਗਈਆਂ ਨੇ। ਅਕਾਲੀ ਦਲ ਇਸ ਕਰਕੇ ਇਹ ਗੱਲ ਜਨਤਕ ਨਹੀਂ ਕਰ ਰਿਹਾ ਕਿਉਂਕਿ ਉਸ ਨੂੰ ਡਰ ਐ ਕਿ ਲੋਕ ਉਸ ਦਾ ਵਿਰੋਧ ਕਰਨਗੇ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਏ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਅੰਦਰਖ਼ਾਤੇ ਸਮਝੌਤਾ ਹੋ ਚੁੱਕਿਆ ਏ। ਭਾਜਪਾ ਨੇ ਸ਼ਰਤ ਰੱਖੀ ਐ ਕਿ ਉਹ ਬਿਕਰਮ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਦੀ ਚੋਣ ਨਹੀਂ ਲੜਾਏਗੀ, ਸਿਰਫ਼ ਹਰਸਿਮਰਤ ਬਾਦਲ ਨੂੰ ਚੋਣ ਲੜਾਈ ਜਾਵੇਗੀ ਅਤੇ ਅਕਾਲੀ ਦਲ ਇਸ ਸਮਝੌਤੇ ਨੂੰ ਇਸ ਕਰਕੇ ਜਨਤਕ ਨਹੀਂ ਕਰ ਰਿਹਾ ਕਿਉਂਕਿ ਉਹ ਲੋਕਾਂ ਦੇ ਵਿਰੋਧ ਤੋਂ ਡਰ ਰਿਹਾ ਏ ਕਿ ਲੋਕ ਇਹ ਕਹਿਣਗੇ ਕਿ ਅਕਾਲੀ ਦਲ ਨੇ ਕਿਸਾਨਾਂ ਦੀ ਕਾਤਲ ਪਾਰਟੀ ਨਾਲ ਫਿਰ ਤੋਂ ਗਠਜੋੜ ਕਰ ਲਿਆ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਦੇ ਲੋਕ ਇਸ ਨਾਪਾਕ ਗਠਜੋੜ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ।